ਬੂਟਾ ਸੰਦੋਹਾ ਨੇ ਮੌੜ ਤੋਂ ਟਿਕਟ ਲਈ ਦਾਅਵੇਦਾਰੀ ਠੋਕੀ ਬੂਟਾ ਸੰਦੋਹਾ ਨੇ ਮੌੜ ਤੋਂ ਟਿਕਟ ਲਈ ਦਾਅਵੇਦਾਰੀ ਠੋਕੀ
Publish Date: Sat, 12 Sep 2026 04:36 PM (IST)
Updated Date: Sat, 12 Sep 2026 04:38 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਵਿਚ ਵੀ ਟਿਕਟ ਦੇ ਦਾਅਵੇਦਾਰਾਂ ਨੇ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਹਨ। ਹਲਕਾ ਮੌੜ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ ਨੇ ਵੀ ਆਮ ਆਦਮੀ ਪਾਰਟੀ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪਾਰਟੀ ਨਾਲ ਜੁੜ ਕੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਹਨ। ਬੂਟਾ ਸਿੰਘ ਸੰਦੋਹਾ ਨੇ 2014 ਵਿਚ ਆਮ ਆਦਮੀ ਪਾਰਟੀ ਨਾਲ ਜੁੜਨ ਤੋਂ ਬਾਅਦ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਕਈ ਅਹੁਦਿਆਂ ’ਤੇ ਕੰਮ ਕੀਤਾ। ਉਹ 2015 ਵਿੱਚ ਕਿਸਾਨ ਵਿੰਗ ਦੇ ਸਰਕਲ ਇੰਚਾਰਜ, 2016 ਵਿੱਚ ਹਲਕਾ ਬਠਿੰਡਾ ਦਿਹਾਤੀ ਦੇ ਹਲਕਾ ਵਲੰਟੀਅਰ ਸਾਥੀ ਅਤੇ ਮੌੜ ਦੇ ਸੈਕਟਰ ਇੰਚਾਰਜ ਰਹੇ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਮੌੜ ਹਲਕੇ ਵਿੱਚ ਕੈਂਪ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਤੋਂ ਬਾਅਦ ਉਹ ਮਾਲਵਾ ਜ਼ੋਨ ਦੇ ਇੰਚਾਰਜ, ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ, ਹਲਕਾ ਮੌੜ ਦੇ ਕੋਆਰਡੀਨੇਟਰ ਅਤੇ ਚੋਣ ਕੈਂਪ ਇੰਚਾਰਜ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ’ਤੇ ਰਹੇ ਹਨ। ਮੌਜੂਦਾ ਸਮੇਂ ਬੂਟਾ ਸਿੰਘ ਸੰਦੋਹਾ ਹਲਕਾ ਮੌੜ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਚੁਣੇ ਹੋਏ ਮੈਂਬਰ ਹਨ। ਉਹ ਲਗਾਤਾਰ ਹਲਕੇ ਦੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਮੌੜ ਦੇ ਲੋਕਾਂ ਨਾਲ ਉਨ੍ਹਾਂ ਦਾ ਲੰਬੇ ਸਮੇਂ ਤੋਂ ਨਜ਼ਦੀਕੀ ਰਾਬਤਾ ਹੈ ਅਤੇ ਉਹ ਹਲਕੇ ਦੇ ਵਿਕਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਹਨ ਅਤੇ ਇਸ ਸਬੰਧੀ ਆਪਣੀ ਦਾਅਵੇਦਾਰੀ ਪਾਰਟੀ ਹਾਈਕਮਾਨ ਅੱਗੇ ਰੱਖ ਰਹੇ ਹਨ।