ਬੱਸ ਨੇ ਬੁਲੇਟ ਸਵਾਰ 17 ਸਾਲਾ ਨੌਜਵਾਨ ਨੂੰ ਕੁਚਲਿਆ ਬੱਸ ਨੇ ਬੁਲੇਟ ਸਵਾਰ 17 ਸਾਲਾ ਨੌਜਵਾਨ ਨੂੰ ਕੁਚਲਿਆ
Publish Date: Tue, 03 Nov 2026 04:17 PM (IST)
Updated Date: Tue, 03 Nov 2026 04:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਠਿੰਡਾ-ਮਲੋਟ ਰੋਡ ’ਤੇ ਬੱਲੂਆਣਾ ਟੋਲ ਪਲਾਜ਼ਾ ਨੇੜੇ ਸੋਮਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ ਵਿਚ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਦੋਸ਼ ਹੈ ਕਿ ਗਲਤ ਦਿਸ਼ਾ ਤੋਂ ਆ ਰਹੀ ਪੀਆਰਟੀਸੀ ਦੀ ਸਰਕਾਰੀ ਬੱਸ ਨੇ ਸਾਹਮਣੇ ਤੋਂ ਆ ਰਹੇ ਬੁਲੇਟ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਕਰਮਗੜ੍ਹ ਛਤਰਾ ਵਾਸੀ ਸੁਖਮਨਦੀਪ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੁਖਮਨਦੀਪ ਸਿੰਘ ਸੋਮਵਾਰ ਦੇਰ ਸ਼ਾਮ ਬੱਲੂਆਣਾ ਵਿਖੇ ਟਿਊਸ਼ਨ ਪੜ੍ਹਨ ਲਈ ਗਿਆ ਸੀ। ਟਿਊਸ਼ਨ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਪਿੰਡ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਬੱਲੂਆਣਾ ਟੋਲ ਪਲਾਜ਼ਾ ਨੇੜੇ ਪਹੁੰਚਿਆ ਤਾਂ ਕਥਿਤ ਤੌਰ ’ਤੇ ਗਲਤ ਦਿਸ਼ਾ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇਨ੍ਹੀ ਜ਼ਬਰਦਸਤ ਸੀ ਕਿ ਨੌਜਵਾਨ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ’ਤੇ ਰੁਕਣ ਦੀ ਬਜਾਏ ਬੱਸ ਸਮੇਤ ਫ਼ਰਾਰ ਹੋ ਗਿਆ। ਉਹ ਬਠਿੰਡਾ ਵੱਲ ਜਾਣ ਦੀ ਬਜਾਏ ਪਿੰਡਾਂ ਦੇ ਰਸਤਿਆਂ ਰਾਹੀਂ ਬੱਸ ਲੈ ਕੇ ਵਾਪਸ ਮਲੋਟ ਪਹੁੰਚ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਬੱਸ ਦਾ ਪਿੱਛਾ ਕੀਤਾ ਅਤੇ ਕਥਿਤ ਮੁਲਜ਼ਮ ਚਾਲਕ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਦਰਦਨਾਕ ਹਾਦਸੇ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਸੁਖਮਨਦੀਪ ਸਿੰਘ ਦੇ ਪਿਤਾ ਰਾਮ ਕ੍ਰਿਸ਼ਨ ਭਾਰਤੀ ਫ਼ੌਜ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਟਿਊਸ਼ਨ ਭੇਜਿਆ ਸੀ, ਪਰ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਮੁੜ ਘਰ ਵਾਪਸ ਨਹੀਂ ਪਰਤੇਗਾ। ਪੁੱਤਰ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਘਟਨਾ ਸਥਾਨ ’ਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਦੀ ਇਹ ਹਾਲਤ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਲਾਸ਼ ਸੜਕ ’ਤੇ ਰੱਖ ਕੇ ਲਾਇਆ ਰੋਸ ਧਰਨਾ ਦੂਜੇ ਪਾਸੇ ਹਾਦਸੇ ਤੋਂ ਗੁੱਸੇ ਵਿੱਚ ਆਏ ਪਿੰਡ ਕਰਮਗੜ੍ਹ ਛਤਰਾ ਦੇ ਵਸਨੀਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਸੜਕ ਦੇ ਵਿਚਕਾਰ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮ ਬੱਸ ਚਾਲਕ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਧਰਨੇ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਧਰਨੇ ਕਾਰਨ ਬਠਿੰਡਾ-ਮਲੋਟ ਰੋਡ ’ਤੇ ਆਵਾਜਾਈ ਵੀ ਪ੍ਰਭਾਵਿਤ ਰਹੀ। ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਿੰਡ ਵਾਸੀਆਂ ਨੇ ਸੜਕ ਸੁਰੱਖਿਆ ਅਤੇ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।