ਇੰਸਟੀਚਿਊਟ ਆਫ ਐਗਰੀਕਲਚਰ ਦਾ ਨਾਮ ਕੀਤਾ ਰੌਸ਼ਨ, ਯੁਵਕ ਮੇਲੇ ’ਚ ਵਿਦਿਆਰਥੀ ਨੇ ਕੀਤਾ ਤੀਜਾ ਸਥਾਨ ਹਾਸਲ ਇੰਸਟੀਚਿਊਟ ਆਫ ਐਗਰੀਕਲਚਰ ਦਾ ਨਾਮ ਕੀਤਾ ਰੌਸ਼ਨ, ਯੁਵਕ ਮੇਲੇ ’ਚ ਵਿਦਿਆਰਥੀ ਨੇ ਕੀਤਾ ਤੀਜਾ ਸਥਾਨ ਹਾਸਲ
Publish Date: Tue, 10 Nov 2026 04:16 PM (IST)
Updated Date: Tue, 10 Nov 2026 04:18 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਨੇ ਆਪਣੀ ਗਾਇਕੀ ਦੀ ਪ੍ਰਤੀਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ 2026-27 ਦੇ ਲੋਕ ਗੀਤ ਮੁਕਾਬਲੇ ਵਿਚ ਤੀਜਾ ਸਥਾਨ ਹਾਸਲ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ਨਾਲ ਸੰਸਥਾ ਦੇ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੌਰਾਨ ਇੰਸਟੀਚਿਊਟ ਆਫ ਐਗਰੀਕਲਚਰ ਦੇ ਸਟਾਫ਼ ਨੇ ਵਿਦਿਆਰਥੀ ਦੀ ਹੌਸਲਾ ਅਫ਼ਜਾਈ ਲਈ ਉਸਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ। ਜਾਣਕਾਰੀ ਅਨੁਸਾਰ ਪੀਏਯੂ. ਲੁਧਿਆਣਾ ਅੰਤਰ-ਕਾਲਜ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸੰਗੀਤ, ਸੱਭਿਆਚਾਰਕ ਅਤੇ ਹੋਰ ਕਲਾ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਦੇ ਬੀਐਸਸੀ ਐਗਰੀਕਲਚਰ (ਆਨਰਜ਼) ਚਾਰ ਸਾਲਾ ਪ੍ਰੋਗਰਾਮ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਨੇ ਲੋਕ ਗੀਤ ਮੁਕਾਬਲੇ ਵਿਚ ਆਪਣੀ ਸੁਰੀਲੀ ਆਵਾਜ਼ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਜੱਜਾਂ ਦਾ ਧਿਆਨ ਖਿੱਚਿਆ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਤੇ ਸੰਸਥਾ ਦੇ ਐਸੋਸੀਏਟ ਡੀਨ ਡਾ. ਅਵਤਾਰ ਸਿੰਘ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਰਸ਼ਪ੍ਰੀਤ ਸਿੰਘ ਦੀ ਇਹ ਸਫਲਤਾ ਉਸ ਦੀ ਮਿਹਨਤ, ਲਗਨ ਤੇ ਕਲਾ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰਦਿਆਂ ਨਵੀਆਂ ਮੱਲਾਂ ਮਾਰੇਗਾ। ਇਸ ਮੌਕੇ ਵਿਦਿਆਰਥੀ ਦੇ ਮੈਂਟਰ ਅਤੇ ਮਾਰਗਦਰਸ਼ਕ ਡਾ. ਲਵਜੀਤ ਕੌਰ, ਸਹਾਇਕ ਪ੍ਰੋਫੈਸਰ (ਸਮਾਜ ਸ਼ਾਸਤਰ) ਨੇ ਕਿਹਾ ਕਿ ਅਰਸ਼ਪ੍ਰੀਤ ਸਿੰਘ ਵਿੱਚ ਲੋਕ ਗਾਇਕੀ ਪ੍ਰਤੀ ਵਿਸ਼ੇਸ਼ ਲਗਨ ਤੇ ਕੁਦਰਤੀ ਪ੍ਰਤੀਭਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੀ ਸਫਲਤਾ ਪਿੱਛੇ ਉਸ ਦੀ ਨਿੱਜੀ ਮਿਹਨਤ ਦੇ ਨਾਲ-ਨਾਲ ਸਹੀ ਮਾਰਗਦਰਸ਼ਨ, ਹੌਸਲਾ ਅਫ਼ਜ਼ਾਈ ਤੇ ਨਿਰੰਤਰ ਅਭਿਆਸ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਅਰਸ਼ਪ੍ਰੀਤ ਨੇ ਆਪਣੀ ਪ੍ਰਤਿਭਾ ਨੂੰ ਮੰਚ ਤੇ ਸਾਬਤ ਕਰਦਿਆਂ ਸੰਸਥਾ ਲਈ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੀ ਕਲਾ ਪਛਾਣਨ ਤੇ ਉਸ ਨੂੰ ਹੋਰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਡਾ. ਲਵਜੀਤ ਕੌਰ ਦੇ ਨਾਲ ਨਾਲ ਸੰਸਥਾ ਦੇ ਸਮੂਹ ਅਧਿਆਪਕਾਂ ਤੇ ਕਰਮਚਾਰੀਆਂ ਨੇ ਵੀ ਇਸ ਪ੍ਰਾਪਤੀ ਲਈ ਵਿਦਿਆਰਥੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੀਆਂ ਹਨ। ਅਰਸ਼ਪ੍ਰੀਤ ਸਿੰਘ ਦੀ ਇਹ ਸਫਲਤਾ ਸਾਬਤ ਕਰਦੀ ਹੈ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀਆਂ ਕਲਾਤਮਕ ਤੇ ਸੱਭਿਆਚਾਰਕ ਰੁਚੀਆਂ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ।