ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਮੁੱਕੇਬਾਜ਼ਾਂ ਨੇ ਜਿੱਤੇ ਸੱਤ ਤਗਮੇ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਮੁੱਕੇਬਾਜ਼ਾਂ ਨੇ ਜਿੱਤੇ ਸੱਤ ਤਮਗੇ
Publish Date: Thu, 22 Oct 2026 04:14 PM (IST)
Updated Date: Thu, 22 Oct 2026 04:15 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਢੱਡੇ ਦੀ ਇਕਾਈ ਮਾਤਾ ਸੁੰਦਰੀ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਬਾਕਸਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤ ਤਮਗੇ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ। ਖਿਡਾਰਨਾਂ ਨੇ ਤਿੰਨ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਆਪਣੇ ਨਾਂ ਕੀਤੇ। ਸੰਸਥਾ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬਾਕਸਿੰਗ ਮੁਕਾਬਲਿਆਂ ਵਿਚ ਹਰਮਨਜੋਤ ਕੌਰ ਨੇ 75 ਕਿਲੋਗ੍ਰਾਮ, ਅਰਸ਼ਦੀਪ ਕੌਰ ਨੇ 60 ਕਿਲੋਗ੍ਰਾਮ ਅਤੇ ਸਿਮਰਜੀਤ ਕੌਰ ਨੇ 70 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦੇ ਤਮਗੇ ਜਿੱਤੇ। ਇਸੇ ਤਰ੍ਹਾਂ ਪਰਮਵੀਰ ਕੌਰ ਨੇ 65 ਕਿਲੋਗ੍ਰਾਮ ਅਤੇ ਕਰਨਪ੍ਰੀਤ ਕੌਰ ਨੇ 57 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦੇ ਤਮਗੇ ਹਾਸਲ ਕੀਤੇ। ਮੈਨੀਕਾ ਦੇਵੀ ਨੇ 51 ਕਿਲੋਗ੍ਰਾਮ ਅਤੇ ਜੈਸਮੀਨ ਕੌਰ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦੇ ਤਮਗੇ ਜਿੱਤੇ। ਇਸ ਸਫਲਤਾ ਵਿਚ ਪ੍ਰੋ. ਕਰਨਵੀਰ ਸਿੰਘ ਅਤੇ ਮੈਡਮ ਸਤਵੀਰ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ। ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਢੱਡੇ, ਐੱਮਡੀ ਗੁਰਬਿੰਦਰ ਸਿੰਘ ਬੱਲੀ ਅਤੇ ਡਾਇਰੈਕਟਰ ਐਡਮਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥਣਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਕਿਹਾ ਕਿ ਵਿਦਿਆਰਥਣਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸੰਸਥਾ ਵੱਲੋਂ ਲੋੜੀਂਦੀਆਂ ਸਹੂਲਤਾਂ ਅਤੇ ਸਿਖਲਾਈ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਦੀਆਂ ਕਈ ਵਿਦਿਆਰਥਣਾਂ ਖੇਡਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਮਗਰੋਂ ਪੰਜਾਬ ਪੁਲਿਸ, ਬੀਐੱਸਐੱਫ ਅਤੇ ਭਾਰਤੀ ਫ਼ੌਜ ਵਿੱਚ ਭਰਤੀ ਹੋ ਕੇ ਵੀ ਸੰਸਥਾ ਦਾ ਮਾਣ ਵਧਾ ਚੁੱਕੀਆਂ ਹਨ। ਇਸ ਮੌਕੇ ਡਾਇਰੈਕਟਰ ਮੈਡਮ ਸਿੰਬਲਜੀਤ ਕੌਰ, ਖ਼ਜ਼ਾਨਚੀ ਮੈਡਮ ਪ੍ਰਸ਼ੋਤਮ ਕੌਰ ਅਤੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਸਮੇਤ ਸਮੂਹ ਸਟਾਫ਼ ਨੇ ਖਿਡਾਰਨਾਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।