ਪੁਸਤਕਾਂ ਗਿਆਨ ਦਾ ਅਸਲ ਖਜ਼ਾਨਾ ਹੁੰਦੀਆਂ ਹਨ: ਭੁਪਿੰਦਰ ਮਾਨ ਪੁਸਤਕਾਂ ਗਿਆਨ ਦਾ ਅਸਲ ਖਜ਼ਾਨਾ ਹੁੰਦੀਆਂ ਹਨ: ਭੁਪਿੰਦਰ ਮਾਨ
Publish Date: Mon, 26 Oct 2026 04:51 PM (IST)
Updated Date: Mon, 26 Oct 2026 04:52 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਪੰਜਾਬੀ ਸਾਹਿਤ ਸਭਾ ਮੌੜ ਵੱਲੋਂ ਪੰਜਾਬੀ ਯੂਨੀਵਰਸਿਟੀ ਨੇਬਰਹੁਡ ਕੈਂਪਸ, ਮੌੜ ਅੰਦਰ ਇਕ ਤਿੰਨ ਰੋਜ਼ਾ ਸਾਹਿਤਕ ਮੇਲਾ ਲਗਾਇਆ ਜਾ ਰਿਹਾ ਹੈ, ਜੋ ਕਿ 27 ਅਕਤੂਬਰ ਤੋਂ ਲੈ ਕੇ 29 ਅਕਤੂਬਰ ਤੱਕ ਚੱਲੇਗਾ। ਇਸ ਸਾਹਿਤਕ ਮੇਲੇ ਦੌਰਾਨ ਨਾਟਕ, ਸੰਗੀਤਕ ਮਹਿਫ਼ਲ ਅਤੇ ਕਵੀ ਦਰਬਾਰ ਸਜਾਏ ਜਾਣਗੇ। ਇਸ ਸਬੰਧੀ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੰਜਾਬੀ ਸਾਹਿਤ ਸਭਾ ਮੌੜ ਦੇ ਪ੍ਰਧਾਨ, ਉੱਘੇ ਕਹਾਣੀਕਾਰ ਤੇ ਨਾਵਲਕਾਰ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੇਲੇ ਦੌਰਾਨ ਸਾਹਿਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਸਭਾ ਵੱਲੋਂ ਇਸ ਸਾਲ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ਦੀਆਂ ਦੁਕਾਨਾਂ ਲਗਾਈਆਂ ਜਾਣਗੀਆਂ। ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਖਰੀਦਣ ਤੇ ਵਿਸ਼ੇਸ਼ ਛੋਟ ਰਾਇਅਤ ਦਿੱਤੀ ਜਾਵੇਗੀ। ਪੁਸਤਕਾਂ ਦੀ ਮਹੱਤਤਾ ਬਾਰੇ ਬੋਲਦਿਆਂ ਭੁਪਿੰਦਰ ਸਿੰਘ ਮਾਨ ਨੇ ਕਿਹਾ, ਸਿੱਖਿਆ ਅਤੇ ਗਿਆਨ ਮਨੁੱਖਤਾ ਦਾ ਅਸਲੀ ਗਹਿਣਾ ਹੈ, ਜੋ ਨਾ ਕਦੇ ਗਲ-ਸੜ ਸਕਦਾ ਹੈ ਅਤੇ ਨਾ ਹੀ ਚੋਰੀ ਹੋ ਸਕਦਾ ਹੈ। ਜਿਸ ਇਨਸਾਨ ਕੋਲ ਜਿੰਨਾ ਵੱਧ ਗਿਆਨ ਹੋਵੇਗਾ, ਸਮਾਜ ਅੰਦਰ ਉਸ ਦਾ ਰੁਤਬਾ ਵੀ ਉਨ੍ਹਾਂ ਹੀ ਉੱਚਾ ਹੋਵੇਗਾ। ਇਹ ਗਿਆਨ ਪੁਸਤਕਾਂ ਤੋਂ ਹੀ ਪ੍ਰਾਪਤ ਹੁੰਦਾ ਹੈ, ਕਿਉਂਕਿ ਪੁਸਤਕਾਂ ਹੀ ਗਿਆਨ ਦਾ ਅਸਲ ਖਜ਼ਾਨਾ ਹਨ। ਜ਼ਿਕਰਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਹਾਣੀ ਦੇ ਖੇਤਰ ਵਿਚ ਸਾਲ 2025 ਦਾ ਸਰਵਉੱਤਮ ਐਵਾਰਡ ਕਹਾਣੀਕਾਰ ਤੇ ਨਾਵਲਕਾਰ ਭੁਪਿੰਦਰ ਸਿੰਘ ਮਾਨ ਨੂੰ ਦਿੱਤਾ ਗਿਆ ਸੀ, ਜੋ ਕਿ ਸਮੁੱਚੇ ਮੌੜ ਮੰਡੀ ਨਿਵਾਸੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਸਾਹਿਤ ਸਭਾ ਮੌੜ ਦੇ ਸਰਪ੍ਰਸਤ ਸੁਰਿੰਦਰ ਗੁਪਤਾ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ, ਮੀਤ ਪ੍ਰਧਾਨ ਅਮਰਜੀਤ ਸਿੰਘ ਮਾਨ ਆਦਿ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।