ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੁਸਤਕ ਸਮੀਖਿਆ ਸਮਾਗਮ ਕਰਵਾਇਆ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੁਸਤਕ ਸਮੀਖਿਆ ਸਮਾਗਮ ਕਰਵਾਇਆ
Publish Date: Sat, 31 Oct 2026 05:22 PM (IST)
Updated Date: Sat, 31 Oct 2026 05:22 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੀ ਬਾਬਾ ਦੀਪ ਸਿੰਘ ਜੀ ਲਾਇਬ੍ਰੇਰੀ ਵਿਖੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥਣਾਂ ਵਿਚ ਸਾਹਿਤਕ ਰੁਚੀ ਪੈਦਾ ਕਰਨ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੁਸਤਕ ਸਮੀਖਿਆ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਸਾਹਿਤਕ ਪੁਸਤਕਾਂ ਦੀ ਸਮੀਖਿਆ ਪੇਸ਼ ਕਰਦਿਆਂ ਉਨ੍ਹਾਂ ਦੇ ਵਿਸ਼ਾ-ਵਸਤੂ, ਸਾਹਿਤਕ ਮਹੱਤਤਾ ਅਤੇ ਸਮਾਜਿਕ ਸਰੋਕਾਰਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੌਰਾਨ ਐਮ.ਏ. ਪੰਜਾਬੀ ਭਾਗ ਪਹਿਲਾ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ਗੁਰਪ੍ਰੀਤ ਸਿੰਘ ਧੁੱਗਾ ਦੀ ਪੁਸਤਕ ‘ਚਾਲੀ-ਦਿਨ’ ਅਤੇ ਬੀ.ਕਾਮ. ਭਾਗ ਤੀਜਾ ਦੀ ਵਿਦਿਆਰਥਣ ਜਸਵੀਰ ਕੌਰ ਨੇ ਪ੍ਰਸਿੱਧ ਅਦਾਕਾਰ ਅਤੇ ਲੇਖਕ ਬਲਰਾਜ ਸਾਹਨੀ ਦੀ ਰਚਨਾ ‘ਮੇਰੀ ਫ਼ਿਲਮੀ ਆਤਮਕਥਾ’ ਦੀ ਪ੍ਰਭਾਵਸ਼ਾਲੀ ਸਮੀਖਿਆ ਪੇਸ਼ ਕੀਤੀ। ਵਿਦਿਆਰਥਣਾਂ ਨੇ ਪੁਸਤਕਾਂ ਵਿੱਚ ਦਰਸਾਏ ਵਿਚਾਰਾਂ ਅਤੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਵਿਦਿਆਰਥਣਾਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਆਲੋਚਨਾਤਮਕ ਸੋਚ, ਤਰਕਸ਼ੀਲਤਾ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਨੂੰ ਨਿਖਾਰਨਾ ਸੀ। ਇਸ ਮੌਕੇ ਪੰਜਾਬੀ ਵਿਭਾਗ ਦੀ ਪ੍ਰੋਫੈਸਰ ਸਿਮਰਜੀਤ ਕੌਰ ਨੇ ਵਿਦਿਆਰਥਣਾਂ ਨਾਲ ਪੁਸਤਕ ਸੱਭਿਆਚਾਰ ਦੀ ਮਹੱਤਤਾ ਬਾਰੇ ਵਿਚਾਰ-ਚਰਚਾ ਕੀਤੀ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ ’ਤੇ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਵਿਭਾਗ ਮੁਖੀ ਡਾ. ਅਮਨਪਾਲ ਕੌਰ ਨੇ ਕਿਹਾ ਕਿ ਚੰਗੀਆਂ ਪੁਸਤਕਾਂ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਜੀਵਨ ਨੂੰ ਸਮਝਣ ਦੀ ਦ੍ਰਿਸ਼ਟੀ ਵੀ ਪ੍ਰਦਾਨ ਕਰਦੀਆਂ ਹਨ। ਸਾਹਿਤ ਮਨੁੱਖੀ ਅਨੁਭਵਾਂ, ਸਮਾਜਿਕ ਕਦਰਾਂ-ਕੀਮਤਾਂ ਅਤੇ ਨੈਤਿਕ ਵਿਚਾਰਾਂ ਨੂੰ ਸਮਝਣ ਦਾ ਮਹੱਤਵਪੂਰਨ ਸਾਧਨ ਹੈ। ਅਜਿਹੀਆਂ ਗਤੀਵਿਧੀਆਂ ਵਿਦਿਆਰਥਣਾਂ ਦੇ ਬੌਧਿਕ, ਭਾਸ਼ਾਈ ਅਤੇ ਰਚਨਾਤਮਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਪੰਜਾਬੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਮਾਰਗਦਰਸ਼ਕ ਹੁੰਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਪੜ੍ਹਨ ਦੀ ਆਦਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਗਿਆਨ ਦੇ ਦਾਇਰੇ ਨੂੰ ਵਿਸ਼ਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਭਾਗ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਕਰਵਾਉਂਦੇ ਰਹਿਣ ਲਈ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਲਾਇਬ੍ਰੇਰੀਅਨ ਜਸਵਿੰਦਰ ਕੌਰ ਅਤੇ ਪੰਜਾਬੀ ਵਿਭਾਗ ਦੀ ਪ੍ਰੋ. ਧਨਵੀਰ ਕੌਰ ਵੀ ਹਾਜ਼ਰ ਸਨ। ਸਮੁੱਚੇ ਤੌਰ ’ਤੇ ਇਹ ਸਮਾਗਮ ਵਿਦਿਆਰਥਣਾਂ ਵਿੱਚ ਸਾਹਿਤਕ ਚੇਤਨਾ, ਪੜ੍ਹਨ ਦੀ ਰੁਚੀ ਅਤੇ ਆਪਣੇ ਵਿਚਾਰਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਦੀ ਯੋਗਤਾ ਨੂੰ ਉਤਸ਼ਾਹਿਤ ਕਰਨ ਵਾਲਾ ਸਾਰਥਕ ਉਪਰਾਲਾ ਸਾਬਤ ਹੋਇਆ।