ਮਾਲ ਗੋਦਾਮ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਪਛਾਣ ਲਈ ਪੁਲਿਸ ਦੇ ਯਤਨ ਜਾਰੀ ਮਾਲ ਗੋਦਾਮ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Publish Date: Sat, 25 Jul 2026 04:14 PM (IST)
Updated Date: Sat, 25 Jul 2026 04:17 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਮਾਲ ਗੋਦਾਮ ਇਲਾਕੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗਿੱਲ ਅਤੇ ਟੇਕਚੰਦ ਮੌਕੇ ਤੇ ਪਹੁੰਚੇ। ਜਾਣਕਾਰੀ ਅਨੁਸਾਰ ਲਾਸ਼ ਮਾਲ ਗੋਦਾਮ ਵਿੱਚ ਕੂੜੇ ਦੇ ਡੰਪ ਦੇ ਪਿੱਛੇ ਪਈ ਹੋਈ ਸੀ। ਮ੍ਰਿਤਕ ਨੇ ਪੈਂਟ ਤੇ ਕਮੀਜ਼ ਪਹਿਨੀ ਹੋਈ ਸੀ। ਸਹਾਰਾ ਟੀਮ ਵੱਲੋਂ ਤੁਰੰਤ ਇਸ ਸਬੰਧੀ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ਤੇ ਜੀਆਰਪੀ ਦੀ ਟੀਮ ਮੌਕੇ ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਮ੍ਰਿਤਕ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਕੋਈ ਵੀ ਅਜਿਹਾ ਪਛਾਣ ਪੱਤਰ ਜਾਂ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਸ਼ਨਾਖ਼ਤ ਹੋ ਸਕੇ। ਉਸ ਕੋਲ ਸਿਰਫ਼ ਇਕ ਮੋਬਾਈਲ ਚਾਰਜਰ ਹੀ ਮਿਲਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਹਰ ਰੋਜ਼ ਮਾਲ ਗੋਦਾਮ ਇਲਾਕੇ ਵਿਚ ਲੰਗਰ ਛਕਣ ਲਈ ਆਉਂਦਾ ਸੀ ਅਤੇ ਉਹ ਦਿਹਾੜੀਦਾਰ ਮਜ਼ਦੂਰ ਜਾਪਦਾ ਹੈ। ਪੁਲਿਸ ਵੱਲੋਂ ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ। ਲਾਸ਼ ਨੂੰ ਪਛਾਣ ਲਈ ਸੁਰੱਖਿਅਤ ਰੱਖ ਦਿੱਤਾ ਗਿਆ ਹੈ। ਜੀਆਰਪੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖ਼ਤ ਲਈ ਯਤਨ ਜਾਰੀ ਹਨ। ਆਲੇ-ਦੁਆਲੇ ਦੇ ਇਲਾਕਿਆਂ ਤੇ ਹੋਰ ਥਾਣਿਆਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਮ੍ਰਿਤਕ ਦੀ ਪਛਾਣ ਹੋ ਸਕੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਤਕ ਸੂਚਨਾ ਪਹੁੰਚਾਈ ਜਾ ਸਕੇ।