- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੂਨਦਾਨੀਆਂ ਦੀ ਨਗਰੀ ਰਾਮਪੁਰਾ ਫੂਲ ਵਿੱਚ ਇਕ ਸਾਲ ਬਾਅਦ ਮੁੜ ਖੁੱਲ੍ਹਿਆ ਬਲੱਡ ਬੈਂਕ

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਖ਼ੂਨਦਾਨ ਮੁਹਿੰਮ ਲਈ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਰਾਮਪੁਰਾ ਫੂਲ ਸ਼ਹਿਰ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਿਵਲ ਹਸਪਤਾਲ ਵਿੱਚ ਪਿਛਲੇ ਕਰੀਬ ਇੱਕ ਸਾਲ ਤੋਂ ਬੰਦ ਪਿਆ ਸਰਕਾਰੀ ਬਲੱਡ ਬੈਂਕ ਮੁੜ ਖੁੱਲ੍ਹ ਗਿਆ ਹੈ। ਇਸ ਨਾਲ ਇਲਾਕੇ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਖੂਨ ਦੀ ਲੋੜ ਪੈਣ ’ਤੇ ਉਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਗੇੜੇ ਨਹੀਂ ਲਾਉਣੇ ਪੈਣਗੇ ਅਤੇ ਸਥਾਨਕ ਪੱਧਰ ’ਤੇ ਹੀ ਖੂਨ ਦੀ ਸਹੂਲਤ ਮਿਲ ਸਕੇਗੀ। ਬਲੱਡ ਬੈਂਕ ਮੁੜ ਸ਼ੁਰੂ ਹੋਣ ਨਾਲ ਖੂਨਦਾਨ ਮੁਹਿੰਮ ਨੂੰ ਵੀ ਨਵੀਂ ਮਜ਼ਬੂਤੀ ਮਿਲਣ ਦੀ ਉਮੀਦ ਹੈ। ਰਾਮਪੁਰਾ ਸ਼ਹਿਰ ਦੇ ਖ਼ੂਨਦਾਨੀ, ਸਮਾਜ ਤੇ ਆਮ ਲੋਕ ਲੰਬੇ ਸਮੇਂ ਤੋਂ ਬਲੱਡ ਬੈਂਕ ਨੂੰ ਚਾਲੂ ਕਰਨ ਦੀ ਮੰਗ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਲੱਡ ਬੈਂਕ ਨੂੰ ਮੁੜ ਚਾਲੂ ਕਰਨ ਲਈ ਕੁੱਝ ਸਮਾਂ ਪਹਿਲਾਂ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਸੀ।
‘ਪੰਜਾਬੀ ਜਾਗਰਣ’ ਨੇ ਲੋਕਾਂ ਦੀ ਇਸ ਮੁਸ਼ਕਿਲ ਨੂੰ ਅਖਬਾਰ ਵਿਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਬਲੱਡ ਬੈਂਕ ਨੂੰ ਖੋਲ੍ਹਣ ਦੀ ਕਾਰਵਾਈ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਰਾਮਪੁਰਾ ਫੂਲ ਦਾ ਸਰਕਾਰੀ ਬਲੱਡ ਬੈਂਕ ਪਿਛਲੇ ਕਰੀਬ ਇੱਕ ਸਾਲ ਤੋਂ ਬੰਦ ਪਿਆ ਸੀ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਵੱਲੋਂ ਕੀਤੀ ਗਈ ਜਾਂਚ ਦੌਰਾਨ ਕੁਝ ਕਮੀਆਂ ਸਾਹਮਣੇ ਆਉਣ ਤੋਂ ਬਾਅਦ ਬਲੱਡ ਬੈਂਕ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ। ਮਾਰਚ 2026 ਵਿੱਚ ਸੀਡੀਐੱਸਸੀਓ ਦੀ ਟੀਮ ਨੇ ਸਿਵਲ ਹਸਪਤਾਲ ਰਾਮਪੁਰਾ ਫੂਲ ਦਾ ਨਿਰੀਖਣ ਕੀਤਾ ਸੀ ਅਤੇ ਖਾਮੀਆਂ ਮਿਲਣ ਉਪਰੰਤ ਅਪ੍ਰੈਲ ਮਹੀਨੇ ਵਿੱਚ ਲਾਇਸੈਂਸ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜੂਨ ਮਹੀਨੇ ਵਿੱਚ ਇੱਥੇ ਬਲੱਡ ਬੈਂਕ ਦੀ ਥਾਂ ਬਲੱਡ ਸਟੋਰੇਜ ਸੈਂਟਰ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਰਾਮਪੁਰਾ ਫੂਲ ਵਿੱਚ ਇਕੱਠਾ ਕੀਤਾ ਜਾਣ ਵਾਲਾ ਖੂਨ ਜਾਂਚ ਅਤੇ ਸਕ੍ਰੀਨਿੰਗ ਲਈ ਸਿਵਲ ਹਸਪਤਾਲ ਬਠਿੰਡਾ ਭੇਜਣਾ ਪੈਂਦਾ ਸੀ। ਉੱਥੇ ਲੋੜੀਂਦੀਆਂ ਲੈਬ ਜਾਂਚਾਂ ਹੋਣ ਤੋਂ ਬਾਅਦ ਖੂਨ ਮੁੜ ਰਾਮਪੁਰਾ ਫੂਲ ਲਿਆਂਦਾ ਜਾਂਦਾ ਸੀ। ਇਸ ਪ੍ਰਕਿਰਿਆ ਕਾਰਨ ਸਮਾਂ ਅਤੇ ਸਰਕਾਰੀ ਸਰੋਤਾਂ ਦੀ ਵਾਧੂ ਖਪਤ ਹੋਣ ਦੇ ਨਾਲ-ਨਾਲ ਮਰੀਜ਼ਾਂ ਦੇ ਵਾਰਿਸਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਕਰ ਕੇ ਐਮਰਜੈਂਸੀ ਹਾਲਾਤਾਂ ਵਿੱਚ ਖੂਨ ਦੀ ਲੋੜ ਪੈਣ ’ਤੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਠਿੰਡਾ ਤੱਕ ਭੱਜ-ਦੌੜ ਕਰਨੀ ਪੈਂਦੀ ਸੀ। ਹੁਣ ਬਲੱਡ ਬੈਂਕ ਮੁੜ ਸ਼ੁਰੂ ਹੋਣ ਨਾਲ ਇਹ ਮੁਸ਼ਕਲ ਘਟੇਗੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਵੱਡੇ ਸ਼ਹਿਰਾਂ ’ਤੇ ਨਿਰਭਰ ਰਹਿਣ ਦੀ ਲੋੜ ਵੀ ਘਟੇਗੀ।
- 2001 ’ਚ ਮਿਲੀ ਸੀ ਬਲੱਡ ਬੈਂਕ ਦੀ ਸਹੂਲਤ
ਰਾਮਪੁਰਾ ਫੂਲ ਵਿੱਚ ਖ਼ੂਨਦਾਨ ਮੁਹਿੰਮ ਦੀ ਸ਼ੁਰੂਆਤ 1 ਅਕਤੂਬਰ 1978 ਨੂੰ ਹੋਈ ਸੀ। ਲਗਾਤਾਰ ਵਧ ਰਹੇ ਖ਼ੂਨਦਾਨ ਨੂੰ ਦੇਖਦਿਆਂ 30 ਅਗਸਤ 2001 ਨੂੰ ਸਿਵਲ ਹਸਪਤਾਲ ਵਿੱਚ ਸਰਕਾਰੀ ਬਲੱਡ ਬੈਂਕ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਖੂਨ ਦੀ ਜਾਂਚ ਅਤੇ ਸਟੋਰੇਜ ਦੀ ਸਹੂਲਤ ਸਥਾਨਕ ਪੱਧਰ ’ਤੇ ਮਿਲਣ ਲੱਗੀ, ਜਿਸ ਨਾਲ ਖ਼ੂਨਦਾਨ ਮੁਹਿੰਮ ਨੂੰ ਹੋਰ ਹੁਲਾਰਾ ਮਿਲਿਆ। ਵਿਭਾਗੀ ਸੂਤਰਾਂ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇਲਾਕੇ ਵਿੱਚ ਹਰ ਸਾਲ ਔਸਤਨ ਇੱਕ ਹਜ਼ਾਰ ਯੂਨਿਟ ਦੇ ਕਰੀਬ ਖ਼ੂਨਦਾਨ ਹੁੰਦਾ ਰਿਹਾ ਹੈ। ਪਰ ਬਲੱਡ ਬੈਂਕ ਬੰਦ ਹੋਣ ਕਾਰਨ ਖ਼ੂਨਦਾਨ ਕੈਂਪ ਲਗਾਉਣ ਅਤੇ ਲੋੜਵੰਦ ਮਰੀਜ਼ਾਂ ਨੂੰ ਖੂਨ ਮੁਹੱਈਆ ਕਰਵਾਉਣ ਵਿੱਚ ਮੁਸ਼ਕਿਲਾਂ ਆਉਣ ਲੱਗੀਆਂ ਸਨ। ਹੁਣ ਬਲੱਡ ਬੈਂਕ ਮੁੜ ਸ਼ੁਰੂ ਹੋਣ ਨਾਲ ਖ਼ੂਨਦਾਨੀਆਂ ਨੂੰ ਵੀ ਆਪਣਾ ਦਾਨ ਕੀਤਾ ਖੂਨ ਸਥਾਨਕ ਪੱਧਰ ’ਤੇ ਲੋੜਵੰਦਾਂ ਤੱਕ ਪਹੁੰਚਾਉਣ ਦੀ ਸਹੂਲਤ ਮਿਲੇਗੀ। ਇਸ ਨਾਲ ਰਾਮਪੁਰਾ ਫੂਲ ਦੀ ਖ਼ੂਨਦਾਨ ਲਹਿਰ ਮੁੜ ਤੇਜ਼ ਹੋਣ ਦੀ ਉਮੀਦ ਹੈ।