ਛੇ ਮਹੀਨਿਆਂ ਤੋਂ ਬੰਦ ਬਲੱਡ ਬੈਂਕ, ਸਟੋਰੇਜ ਸੈਂਟਰ ’ਚ ਇਕ ਯੂਨਿਟ ਖੂਨ ਛੇ ਮਹੀਨਿਆਂ ਤੋਂ ਬੰਦ ਬਲੱਡ ਬੈਂਕ, ਸਟੋਰੇਜ ਸੈਂਟਰ ’ਚ ਇਕ ਯੂਨਿਟ ਖੂਨ
Publish Date: Sun, 25 Oct 2026 04:33 PM (IST)
Updated Date: Sun, 25 Oct 2026 04:34 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸਰਕਾਰੀ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਬਠਿੰਡਾ ਕੋਰ ਗਰੁੱਪ ਵੱਲੋਂ ਸਰਕਾਰੀ ਸਿਵਲ ਹਸਪਤਾਲ ਰਾਮਪੁਰਾ ਫੂਲ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬੰਦ ਪਏ ਬਲੱਡ ਬੈਂਕ ਅਤੇ ਬਲੱਡ ਸਟੋਰੇਜ ਸੈਂਟਰ ਵਿਚ ਸਿਰਫ਼ ਇਕ ਯੂਨਿਟ ਖੂਨ ਉਪਲਬਧ ਹੋਣ ਦਾ ਮੁੱਦਾ ਉਠਾਇਆ ਗਿਆ। ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕੋਰ ਗਰੁੱਪ ਕੋਆਰਡੀਨੇਟਰ ਦੀਪਕ ਸਿੰਗਲਾ ਦੀ ਅਗਵਾਈ ਹੇਠ ਹੋਏ ਨਿਰੀਖਣ ਦੌਰਾਨ ਐਡਵੋਕੇਟ ਅਰਪਨ ਕੌਸ਼ਲ ਨੇ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਪਿਛਲੇ ਤਿੰਨ ਮਹੀਨਿਆਂ ਦੇ ਦਵਾਈਆਂ ਦੇ ਸਟਾਕ ਰਿਕਾਰਡ ਦੀ ਜਾਂਚ ਕਰਨ ਦੀ ਲੋੜ ਉਠਾਈ ਗਈ। ਖ਼ਾਸ ਤੌਰ ਤੇ ਬਿਊਪ੍ਰੇਨੋਰਫਿਨ ਜੋ ‘ਜੀਭ ਵਾਲੀ ਗੋਲੀ’ ਵਜੋਂ ਜਾਣੀ ਜਾਂਦੀ ਦਵਾਈ ਦੀ ਸਪਲਾਈ, ਵੰਡ ਅਤੇ ਬਕਾਇਆ ਸਟਾਕ ਦਾ ਰਿਕਾਰਡ ਜਾਂਚਣ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ 108 ਐਂਬੂਲੈਂਸ ਵਿਚ ਬਲੱਡ ਪ੍ਰੈਸ਼ਰ ਮਾਪਣ ਵਾਲੀ ਮਸ਼ੀਨ, ਸਟੈਥੋਸਕੋਪ ਅਤੇ ਪਲਸ ਆਕਸੀਮੀਟਰ ਦੀ ਉਪਲਬਧਤਾ ਤੇ ਕਾਰਜਸ਼ੀਲਤਾ ਜਾਂਚਣ ਦਾ ਮੁੱਦਾ ਉਠਾਇਆ ਗਿਆ। ਐਮਰਜੈਂਸੀ ਵਿਭਾਗ, ਐਂਬੂਲੈਂਸ ਅਤੇ ਆਪਰੇਸ਼ਨ ਥੀਏਟਰ ਦੀਆਂ ਲੌਗ ਬੁੱਕਾਂ ਦੀ ਪੜਤਾਲ ਦੇ ਨਾਲ ਹਸਪਤਾਲ ਦੀ ਰੇਟ ਲਿਸਟ ਅਤੇ ਸਰਕਾਰੀ ਫ਼ੋਨ ਨੰਬਰ ਪ੍ਰਮੁੱਖ ਸਥਾਨ ’ਤੇ ਲਾਉਣ ਦੀ ਲੋੜ ਵੀ ਦੱਸੀ ਗਈ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਲਿਆਉਣ ਸਮੇਂ ਵੱਖਰੀ ਅਰਜ਼ੀ ਲਿਖਵਾਉਣ ਦੀ ਪ੍ਰਕਿਰਿਆ ਸਰਲ ਬਣਾਉਣ ਦੀ ਮੰਗ ਕੀਤੀ। ਐਡਵੋਕੇਟ ਅਰਪਨ ਕੌਸ਼ਲ ਨੇ ਕਿਹਾ ਕਿ ਨਿਰੀਖਣ ਦੀ ਰਿਪੋਰਟ ਕਮਿਸ਼ਨ ਦੇ ਧਿਆਨ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਐਡਵੋਕੇਟ ਆਕਾਸ਼ ਕੌਸ਼ਲ, ਕੌਂਸਲਰ ਸੂਰਜ ਰਾਜੌਰਾ, ਐਡਵੋਕੇਟ ਬੰਟੀ ਸ਼ਰਮਾ ਅਤੇ ਮਨੋਜ ਕੁਮਾਰ ਵੀ ਹਾਜ਼ਰ ਸਨ। ਐਸਐਮਓ ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਕਮੀਆਂ ਦੂਰ ਕਰਨ ਅਤੇ ਬਲੱਡ ਬੈਂਕ ਜਲਦੀ ਮੁੜ ਚਾਲੂ ਕਰਨ ਦਾ ਭਰੋਸਾ ਦਿੱਤਾ।