ਏਕਤਾ ਉਗਰਾਹਾਂ ਵੱਲੋਂ 27 ਨੂੰ ਦਿੱਲੀ ਜਾਣ ਦਾ ਐਲਾਨ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਵਿਦਿਆਰਥੀਆਂ ਦੀ ਹਮਾਇਤ ਲਈ 27 ਜੁਲਾਈ ਨੂੰ ਦਿੱਲੀ ਜਾਣ ਦਾ ਐਲਾਨ
Publish Date: Fri, 24 Jul 2026 06:46 PM (IST)
Updated Date: Sat, 25 Jul 2026 04:05 AM (IST)
ਸਭਨਾਂ ਵਰਗਾਂ ਦੇ ਲੋਕਾਂ ਨੂੰ ਕਾਫ਼ਲੇ ’ਚ ਸ਼ਾਮਲ ਹੋਣ ਦੀ ਅਪੀਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬੀਕੇਯੂ ਏਕਤਾ (ਉਗਰਾਹਾਂ) ਨੇ ਦਿੱਲੀ ’ਚ ਹੋ ਰਹੇ ਵਿਦਿਆਰਥੀ ਸੰਘਰਸ਼ ਦੀ ਹਮਾਇਤ ਵਿਚ 27 ਜੁਲਾਈ ਨੂੰ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਦਿੱਲੀ ਪਹੁੰਚਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾਈ ਅਹੁਦੇਦਾਰਾਂ ਦੀ ਬੈਠਕ ਦੌਰਾਨ ਕੀਤੇ ਇਸ ਫ਼ੈਸਲੇ ਬਾਰੇ ਸਥਾਨਕ ਟੀਚਰਜ਼ ਹੋਮ ਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਵਿਦਿਆਰਥੀਆਂ ਦਾ ਸੰਘਰਸ਼ ਹੱਕੀ ਅਤੇ ਵਾਜਬ ਹੈ ਪਰ ਮੋਦੀ ਸਰਕਾਰ ਵਿਦਿਆਰਥੀਆਂ ਦੀ ਆਵਾਜ਼ ਸੁਣਨ ਦੀ ਥਾਂ ਇਸ ਆਵਾਜ਼ ਨੂੰ ਜਬਰ ਦੇ ਜ਼ੋਰ ਕੁਚਲ ਦੇਣਾ ਚਾਹੁੰਦੀ ਹੈ। ਸਰਕਾਰ ਸਿੱਖਿਆ ਮੰਤਰੀ ਨੂੰ ਪਾਸੇ ਕਰਨ ਦੀ ਥਾਂ ਬੇਕਸੂਰ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਡਾਂਗਾਂ ਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਨਿਵਾਜ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਦਿਆਰਥੀ ਸਿਰਫ ਟੈਸਟਾਂ ਦੇ ਘਪਲਿਆਂ ਤੋਂ ਹੀ ਪੀੜਿਤ ਨਹੀਂ ਹਨ ਸਗੋਂ ਅਤਿ ਮਹਿੰਗੀ ਹੋ ਚੁੱਕੀ ਸਿੱਖਿਆ ਤੇ ਭਾਰੀ ਬੇਰੁਜ਼ਗਾਰੀ ਦੀ ਤਿੱਖੀ ਮਾਰ ਹੰਡਾ ਰਹੇ ਹਨ। ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਿੱਖਿਆ ਦਾ ਖੇਤਰ ਇਕ ਵੱਡੇ ਵਪਾਰ ’ਚ ਤਬਦੀਲ ਹੋ ਚੁੱਕਿਆ ਹੈ। ਮੋਦੀ ਸਰਕਾਰ ਵੱਲੋਂ ਸਿੱਖਿਆ ਦੇ ਮੁਕੰਮਲ ਕਾਰਪੋਰੇਟੀਕਰਨ ਤੇ ਭਗਵੇਂਕਰਨ ਲਈ ਕੌਮੀ ਸਿੱਖਿਆ ਨੀਤੀ 2020 ਲਾਗੂ ਕਰਕੇ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਸੰਕਟਾਂ ਵੱਲ ਧੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵਿਦਿਆਰਥੀਆਂ ਵੱਲੋਂ ਰੱਖੀਆਂ ਜਾ ਰਹੀਆਂ ਮੰਗਾਂ ਦੀ ਹਮਾਇਤ ਕਰਦਿਆਂ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੇ ਵਪਾਰਕ ਕਾਰੋਬਾਰ ਨੂੰ ਬੰਦ ਕਰਨ, ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਭਗਵੇਂਕਰਨ ਦੀ ਨੀਤੀ ਨੂੰ ਰੱਦ ਕਰਨ, ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਤੇ ਰੁਜ਼ਗਾਰ ਮੁਖੀ ਆਰਥਿਕਤਾ ਉਸਾਰਨ ਦੀ ਮੰਗ ਵੀ ਉਭਾਰੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਵਰਗਾਂ ਵਾਂਗ ਵਿਦਿਆਰਥੀ ਵਰਗ ਵੀ ਸਾਮਰਾਜੀਆਂ ਤੇ ਵੱਡੇ ਪੂੰਜੀਪਤੀਆਂ ਦੀਆਂ ਸੇਵਾਦਾਰ ਲੁਟੇਰੀਆਂ ਨੀਤੀਆਂ ਤੋਂ ਪੀੜਤ ਹੈ ਤੇ ਹੁਣ ਇਨ੍ਹਾਂ ਨੀਤੀਆਂ ਖਿਲਾਫ ਸਭਨਾਂ ਵਰਗਾਂ ਦੀ ਸਾਂਝੀ ਜੱਦੋ ਜਹਿਦ ਉਸਾਰਨ ਦੀ ਲੋੜ ਹੈ। ਵਿਦਿਆਰਥੀ ਦੇ ਹੱਕ ’ਚ ਉੱਠਣ ਵਾਲੀ ਹਰ ਆਵਾਜ਼ ਇਸ ਸਾਂਝੀ ਜੱਦੋ-ਜਹਿਦ ਉਸਾਰਨ ’ਚ ਹੀ ਹਿੱਸਾ ਪਾਵੇਗੀ। ਮੋਦੀ ਸਰਕਾਰ ਦੇ ਫਾਸ਼ੀ ਹਮਲੇ ਦੇ ਟਾਕਰੇ ਲਈ ਜੂਝ ਰਹੇ ਸਭਨਾਂ ਹਿੱਸਿਆਂ ਵੱਲੋਂ ਇਸ ਵਿਦਿਆਰਥੀ ਸੰਘਰਸ਼ ਨੂੰ ਤਕੜਾਈ ਦੇਣਾ ਸਮੇਂ ਦੀ ਅਣਸਰਦੀ ਲੋੜ ਹੈ। ਉਨ੍ਹਾਂ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਮਿਹਨਤਕਸ਼ ਵਰਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਸ ਕਾਫ਼ਲੇ ਵਿਚ ਸ਼ਾਮਲ ਹੋ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਵਿਚ ਨਿਤਰ ਕੇ ਆਪਣਾ ਫ਼ਰਜ਼ ਅਦਾ ਕਰਨ। ਇਸ ਮੌਕੇ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ ਤੇ ਹਰਿੰਦਰ ਕੌਰ ਬਿੰਦੂ ਵੀ ਹਾਜ਼ਰ ਸਨ।