ਬੀਕੇਯੂ ਉਗਰਾਹਾਂ ਵਲੋਂ ਖੇਤਾਂ ਵਿਚ ਸਰਵੇ ਕਰਨ ਵਾਲੀਆਂ ਟੀਮਾਂ ਦੇ ਘਿਰਾਓ ਦਾ ਐਲਾਨ ਬੀਕੇਯੂ ਉਗਰਾਹਾਂ ਵਲੋਂ ਖੇਤਾਂ ਵਿਚ ਸਰਵੇ ਕਰਨ ਵਾਲੀਆਂ ਟੀਮਾਂ ਦੇ ਘਿਰਾਓ ਦਾ ਐਲਾਨ
Publish Date: Mon, 31 Aug 2026 05:08 PM (IST)
Updated Date: Mon, 31 Aug 2026 05:10 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫ਼ਤਰ ਬਠਿੰਡਾ ਅੱਗੇ ਲਾਇਆ ਗਿਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਮੋਰਚੇ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਖਾਸ ਕਰਕੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਜੋਸ਼ੋ-ਖਰੋਸ਼ ਨਾਲ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਐਲਾਨ ਕੀਤਾ ਕਿ ਇਹ ਪੱਕਾ ਮੋਰਚਾ ਅਣਮਿਥੇ ਸਮੇਂ ਤੱਕ ਜਾਰੀ ਰਹੇਗਾ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਥਾਂ-ਥਾਂ ਡਰੋਨ ਜਾਂ ਹੋਰ ਸਾਧਨਾਂ ਰਾਹੀਂ ਕਰਵਾਏ ਜਾ ਰਹੇ ਜ਼ਮੀਨਾਂ ਦੇ ਸਰਵੇ ਸਬੰਧੀ ਸਰਕਾਰ ਆਪਣੀ ਨੀਤੀ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਅਜਿਹੇ ਸਰਵੇ ਕਾਰਨ ਲੋਕਾਂ ਵਿੱਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ’ਤੇ ਸਪੱਸ਼ਟ ਨੀਤੀ ਬਿਆਨ ਜਾਰੀ ਨਾ ਕੀਤਾ ਤਾਂ ਖੇਤਾਂ ਵਿੱਚ ਸਰਵੇ ਕਰਨ ਆਉਣ ਵਾਲਿਆਂ ਦਾ ਥਾਂ-ਥਾਂ ਘਿਰਾਓ ਕੀਤਾ ਜਾਵੇਗਾ। ਬੁਲਾਰਿਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ, ਪੁਲਿਸ ਜਬਰ, ਖੇਤੀ ਫਸਲਾਂ ’ਤੇ ਐੱਮਐੱਸਪੀ, ਦਰਿਆਈ ਪਾਣੀਆਂ ਦੀ ਵੰਡ ਅਤੇ ਸਾਂਭ-ਸੰਭਾਲ ਸਮੇਤ ਵੱਖ-ਵੱਖ ਮੁੱਦੇ ਉਠਾਏ। ਉਨ੍ਹਾਂ ਦੋਸ਼ ਲਾਇਆ ਕਿ ਵੱਡੀਆਂ ਸਾਮਰਾਜੀ ਅਤੇ ਬਹੁਰਾਸ਼ਟਰੀ ਕੰਪਨੀਆਂ ਨੂੰ ਸਰਕਾਰਾਂ ਵੱਲੋਂ ਟੈਕਸ ਛੋਟਾਂ ਅਤੇ ਹੋਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਸਿਰ ਕਰਜ਼ੇ ਦੀਆਂ ਪੰਡਾਂ ਲਗਾਤਾਰ ਵਧ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਭਾਰਤ-ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਲੈਂਡ ਪੂਲਿੰਗ ਨੀਤੀ ਵਾਪਸ ਲਈ ਜਾਵੇ ਅਤੇ ਕਾਸ਼ਤਕਾਰਾਂ, ਮੁਜ਼ਾਰਿਆਂ ਤੇ ਅਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕਰਨ, ਅੱਗੇ ਤੋਂ ਲੋਕਾਂ ਨੂੰ ਕਰਜ਼ਾਈ ਹੋਣ ਤੋਂ ਰੋਕਣ ਲਈ ਕਰਜ਼ਾ ਕਾਨੂੰਨ ਬਣਾਉਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਅਤੇ ਪੁਲਿਸ ਜਬਰ ਬੰਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਾਰੇ ਪੁਲਿਸ ਕੇਸ ਅਤੇ ਪਰਾਲੀ ਸਾੜਨ ਸਬੰਧੀ ਦਰਜ ਪਰਚੇ ਰੱਦ ਕਰਨ, ਲੋਕ ਪੱਖੀ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣ, ਬਿਜਲੀ ਬਿੱਲ, ਬੀਜ ਬਿੱਲ-2025, ਕਿਰਤ ਕੋਡ ਅਤੇ ਜੀ-ਰਾਮ ਜੀ ਵਰਗੇ ਕਦਮ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਪਾਣੀਆਂ ਦੇ ਮਸਲੇ ਨੂੰ ਮਿਲ-ਬੈਠ ਕੇ ਹੱਲ ਕਰਨ, ਹਰ ਖੇਤ ਤੱਕ ਪਾਣੀ ਅਤੇ ਹਰ ਘਰ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਆਗੂਆਂ ਨੇ ਤਲਵੰਡੀ ਸਲੇਮ ਵਿਖੇ ਪਾਸ਼-ਹੰਸਰਾਜ ਦੀ ਯਾਦਗਾਰ ਸਬੰਧੀ ਵੀ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ। ਉਨ੍ਹਾਂ 9 ਸਤੰਬਰ ਨੂੰ ਲੋਕ ਪੱਖੀ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਵੱਡੇ ਇਕੱਠ ਵਿੱਚ ਭਾਰੀ ਗਿਣਤੀ ਨਾਲ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਗਦੇਵ ਸਿੰਘ ਜੋਗੇਵਾਲਾ, ਅਮਰੀਕ ਸਿੰਘ ਸਿਵੀਆਂ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਅਵਤਾਰ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ।