ਬੀਕੇਯੂ ਉਗਰਾਹਾਂ ਦਾ ਪੱਕਾ ਮੋਰਚਾ ਨੌਵੇਂ ਦਿਨ ਵੀ ਜਾਰੀ, ਹਰਿਆਣਾ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ ਬੀਕੇਯੂ ਉਗਰਾਹਾਂ ਦਾ ਪੱਕਾ ਮੋਰਚਾ ਨੌਵੇਂ ਦਿਨ ਵੀ ਜਾਰੀ, ਹਰਿਆਣਾ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
Publish Date: Mon, 07 Sep 2026 04:54 PM (IST)
Updated Date: Mon, 07 Sep 2026 04:55 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨੌਂ ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੀਆਂ ਭਖਦੀਆਂ 13 ਮੰਗਾਂ ਸਬੰਧੀ ਬਠਿੰਡਾ ਕਿਸਾਨ ਪੱਕੇ ਮੋਰਚੇ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਕਮੇਟੀ ਮੈਂਬਰ ਬਲਜੀਤ ਸਿੰਘਪੁਰਾ ਅਤੇ ਭੁਪਿੰਦਰ ਸਿੰਘ ਡੱਬਵਾਲੀ ਨੇ ਕਿਸਾਨ ਕਾਫਲੇ ਸਮੇਤ ਪਹੁੰਚ ਕੇ ਪੰਜਾਬ ਦੇ ਕਿਸਾਨਾਂ ਦੀ ਭਾਈਚਾਰਕ ਸਾਂਝ ਹੋਰ ਤਕੜਾਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਰਿਆਣਾ ਤੇ ਪੰਜਾਬ ਜਾਂ ਇਲਾਕਿਆਂ ਦੀ ਸਾਂਝ ਨੂੰ ਖਿੰਡਾਉਣ ਲਈ ਸਰਕਾਰਾਂ ਵੱਲੋਂ ਆਪਣੇ ਸੌੜੀ ਸਿਆਸਤ ਰਾਹੀਂ ਸਿਰਫ ਵੋਟਾਂ ਪੱਕੀਆਂ ਕਰਨ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ 9 ਸਤੰਬਰ ਨੂੰ ਇਨਕਲਾਬੀ ਲੋਕ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਦਿਹਾੜਾ ਪਾਸ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦੇ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਜ਼ਿਲ੍ਹਾ ਬਠਿੰਡਾ ਤੋਂ ਵੱਡੀ ਗਿਣਤੀ ਵਿਚ ਕਿਸਾਨ ਅਤੇ ਔਰਤਾਂ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ’ਚ ਤੇ ਹਿੱਤ ’ਚ ਲਿਖਣ ਵਾਲੇ, ਕੁਰਬਾਨ ਹੋਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਲੋਕਾਂ ਦੀਆਂ ਸਰਮਾਇਆ ਹੁੰਦੀਆਂ ਹਨ, ਪਰ ਲਗਭਗ ਚਾਰ ਦਹਾਕਿਆਂ ਤੋਂ ਅਵਤਾਰ ਪਾਸ਼ ਤੇ ਹੰਸਾ ਸਿੰਘ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ, ਜਿਨਾਂ ਨੂੰ ਮੌਜੂਦਾ ਆਮ ਆਦਮੀ ਦੀ ਭਗਵੰਤ ਮਾਨ ਦੀ ਸਰਕਾਰ ਦੇ ਸਰਪੰਚ ਅਤੇ ਹੋਰ ਆਗੂਆਂ ਵੱਲੋਂ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਸੀ, ਪਰ ਲੋਕਾਂ ਦੇ ਹਰਮਨ ਪਿਆਰੇ ਕਵੀ ਦੀਆਂ ਯਾਦਗਾਰਾਂ ਨੂੰ ਲੋਕ ਕਿਸੇ ਹਾਲਤ ਵਿਚ ਆਂਚ ਨਹੀਂ ਆਉਣ ਦੇਣਗੇ। ਵੱਡੀ ਗਿਣਤੀ ’ਚ ਨੌਂ ਸਤੰਬਰ ਨੂੰ ਤਲਵੰਡੀ ਸਲੇਮ ਪਹੁੰਚਣਗੇ। ਉਨ੍ਹਾਂ ਹੋਰ ਸਮੂਹ ਕਿਰਤੀ ਲੋਕਾਂ ਨੂੰ ਵੀ 9 ਸਤੰਬਰ ਨੂੰ ਸਲੇਮ ਪਹੁੰਚਣ ਦਾ ਸੱਦਾ ਦਿੱਤਾ। ਅੱਜ ਦੇ ਇਕੱਠ ਨੂੰ ਜਸਪਾਲ ਸਿੰਘ ਕੋਠਾ ਗੁਰੂ, ਰਾਮ ਸਿੰਘ ਕੋਟਗੁਰੂ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ।