ਤਲਵੰਡੀ ਸਾਬੋ ’ਚ ਭਾਜਪਾ ਦੀ ਜਥੇਬੰਦਕ ਸਰਗਰਮੀ ਤੇਜ਼ ਤਲਵੰਡੀ ਸਾਬੋ ’ਚ ਭਾਜਪਾ ਦੀ ਜਥੇਬੰਦਕ ਸਰਗਰਮੀ ਤੇਜ਼
Publish Date: Thu, 17 Sep 2026 05:29 PM (IST)
Updated Date: Fri, 18 Sep 2026 04:06 AM (IST)
ਵਰਕਰ ਮੀਟਿੰਗਾਂ ਅਤੇ ਨੌਜਵਾਨਾਂ ਨਾਲ ਰਾਬਤਾ ਵਧਾਉਣ ’ਤੇ ਜ਼ੋਰ, ਨਵਜੋਤ ਸਿੰਘ ਗੁਣੀ ਦੀ ਭੂਮਿਕਾ ਚਰਚਾ ’ਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਲਵੰਡੀ ਸਾਬੋ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦਕ ਗਤੀਵਿਧੀਆਂ ਨੂੰ ਪਿੰਡ ਅਤੇ ਬੂਥ ਪੱਧਰ ਤੱਕ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦੌਰਾਨ ਪਾਰਟੀ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਦੀ ਸਰਗਰਮੀ ਵੀ ਨਜ਼ਰ ਆ ਰਹੀ ਹੈ। ਪਾਰਟੀ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਰਕਰ ਮੀਟਿੰਗਾਂ ਕਰਨ, ਬੂਥ ਪੱਧਰ ’ਤੇ ਸੰਪਰਕ ਵਧਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਨਾਲ ਜੋੜਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਗੁਣੀ ਜੋ ਭਾਜਪਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਉਪ-ਪ੍ਰਧਾਨ ਵੀ ਹਨ, ਵੱਲੋਂ ਹਲਕੇ ਦੇ ਪਿੰਡਾਂ ਵਿੱਚ ਪਾਰਟੀ ਵਰਕਰਾਂ ਅਤੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਨਾਲ ਸਬੰਧਤ ਆਗੂਆਂ ਅਨੁਸਾਰ ਇਨ੍ਹਾਂ ਮੀਟਿੰਗਾਂ ਦਾ ਮੁੱਖ ਮਕਸਦ ਜਥੇਬੰਦਕ ਢਾਂਚੇ ਨੂੰ ਸਰਗਰਮ ਕਰਨਾ ਅਤੇ ਪਿੰਡ ਪੱਧਰ ’ਤੇ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਣਾ ਹੈ। ਹਾਲ ਹੀ ਵਿੱਚ ਪਿੰਡ ਕਣਕਵਾਲ ਵਿੱਚ ਹੋਈ ਇਕ ਮਿਲਣੀ ਦੌਰਾਨ 12 ਪਰਿਵਾਰਾਂ ਵੱਲੋਂ ਭਾਜਪਾ ਨਾਲ ਜੁੜਨ ਦਾ ਐਲਾਨ ਕੀਤੇ ਜਾਣ ਦੀ ਰਿਪੋਰਟ ਵੀ ਸਾਹਮਣੇ ਆਈ ਸੀ। ਇਸ ਮੌਕੇ ਪਾਰਟੀ ਆਗੂਆਂ ਵੱਲੋਂ ਨਵੇਂ ਸਾਥੀਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਹਲਕੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸੇ ਤਰ੍ਹਾਂ ਪਿੰਡ ਬਹਿਮਣ ਕੌਰ ਸਿੰਘ ਵਿੱਚ ਭਾਜਪਾ ਵੱਲੋਂ ਬੂਥ ਪੱਧਰ ’ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਮੀਟਿੰਗ ਕੀਤੀ ਗਈ ਸੀ। ਇਸ ਮੌਕੇ ਗੁਣੀ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਪਿੰਡ ਪੱਧਰ ’ਤੇ ਲੋਕਾਂ ਨਾਲ ਰਾਬਤਾ ਹੋਰ ਮਜ਼ਬੂਤ ਕਰਨ ਲਈ ਕਿਹਾ ਸੀ। ਪਾਰਟੀ ਆਗੂਆਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਹਲਕੇ ਦੇ ਹੋਰ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਅਤੇ ਜਨ-ਸੰਪਰਕ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ। ਪਾਰਟੀ ਗਤੀਵਿਧੀਆਂ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਜਥੇਬੰਦਕ ਗਤੀਵਿਧੀਆਂ ਨਾਲ ਜੋੜਨ ਦੇ ਨਾਲ-ਨਾਲ ਬੂਥ ਪੱਧਰ ’ਤੇ ਵਰਕਰਾਂ ਦੀ ਸਰਗਰਮੀ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਨਵਜੋਤ ਸਿੰਘ ਗੁਣੀ ਪਿੰਡ ਗਾਟਵਾਲੀ ਨਾਲ ਸਬੰਧਤ ਹਨ ਅਤੇ ਸੀਨੀਅਰ ਆਗੂ ਤੇ ਕਾਰੋਬਾਰੀ ਸੁਖਵਿੰਦਰ ਸਿੰਘ ਗੁਣੀ ਦੇ ਪੁੱਤਰ ਹਨ।