ਕੇਂਦਰ ਸਰਕਾਰ ਤੋਂ ਆਰਡੀਐੱਫ ਦਾ ਰੁਕਿਆ ਫੰਡ ਜਾਰੀ ਕਰਵਾਏ ਭਾਜਪਾ : ਕੋਟਫੱਤਾ ਕੇਂਦਰ ਸਰਕਾਰ ਤੋਂ ਆਰਡੀਐਫ ਦਾ ਰੁਕਿਆ ਫੰਡ ਜਾਰੀ ਕਰਵਾਏ ਭਾਜਪਾ: ਕੋਟਫੱਤਾ
Publish Date: Thu, 10 Sep 2026 05:42 PM (IST)
Updated Date: Fri, 11 Sep 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਵਾਸੀਆਂ ਨੂੰ ਵਿਕਾਸ ਦੇ ਝੂਠੇ ਸੁਪਨੇ ਦਿਖਾਉਣ ਦੀ ਬਜਾਏ ਭਾਰਤੀ ਜਨਤਾ ਪਾਰਟੀ ਨੂੰ ਪਹਿਲਾਂ ਆਪਣੀ ਕੇਂਦਰ ਸਰਕਾਰ ਤੋਂ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ (ਆਰਡੀਐਫ.) ਦਾ ਪਿਛਲੇ ਸਮੇਂ ਤੋਂ ਰੁਕਿਆ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਫੰਡ ਜਾਰੀ ਕਰਵਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਸਕੱਤਰ ਤੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ ਦੇ ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਨੇ ਕੀਤਾ।ਉਨ੍ਹਾਂ ਕਿਹਾ ਕਿ ਆਰਡੀਐਫ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਫੰਡ ਹੈ। ਇਸ ਫੰਡ ਰਾਹੀਂ ਪਿੰਡਾਂ ਦੀਆਂ ਲਿੰਕ ਸੜਕਾਂ, ਬੁਨਿਆਦੀ ਢਾਂਚੇ ਤੇ ਹੋਰ ਵਿਕਾਸ ਕਾਰਜ ਕਰਵਾਏ ਜਾਣੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਚਾਰ ਸਾਲਾਂ ਤੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਇਹ ਫੰਡ ਰੋਕਿਆ ਹੋਇਆ ਹੈ, ਜਿਸ ਕਾਰਨ ਸੂਬੇ ਦੇ ਪੇਂਡੂ ਖੇਤਰਾਂ ਦੇ ਵਿਕਾਸ ’ਤੇ ਵੀ ਅਸਰ ਪਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਨਾਲ ਸਬੰਧਤ ਫੰਡ ਰੋਕ ਰਹੀ ਹੈ ਤਾਂ ਭਾਜਪਾ ਆਗੂ ਕਿਸ ਮੂੰਹ ਨਾਲ ਪੰਜਾਬ ਦੇ ਪਿੰਡਾਂ ਦੇ ਲੋਕਾਂ ਕੋਲ ਜਾ ਕੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦੀਆਂ ਅਪੀਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਕਾਸ ਦੇ ਦਾਅਵਿਆਂ ਨਾਲੋਂ ਸਰਕਾਰਾਂ ਦੇ ਅਸਲ ਕੰਮ ਅਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਨੀਅਤ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਰੋਕਣ ਵਾਲੀ ਲੋਕ ਭਾਜਪਾ ਨੂੰ ਸੂਬੇ ਦੇ ਲੋਕ ਮੂੰਹ ਨਹੀਂ ਲਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਨ ਵਾਲੀ ਭਾਜਪਾ ਨੂੰ ਪੰਜਾਬ ਅੰਦਰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਹੈ। ਕੋਟਫੱਤਾ ਨੇ ਕਿਹਾ ਕਿ ਪੰਜਾਬ ਦੇ ਵਸਨੀਕ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਚੇਤੰਨ ਹੋ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਲੋਕ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦਾ ਜਵਾਬ ਲੋਕਤੰਤਰਿਕ ਢੰਗ ਨਾਲ ਦੇਣਗੇ।