ਭਾਜਪਾ ਆਗੂਆਂ ਵੱਲੋਂ ਡੀਏ ਸਬੰਧੀ ਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਭਾਜਪਾ ਆਗੂਆਂ ਵੱਲੋਂ ਡੀਏ ਸਬੰਧੀ ਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ
Publish Date: Wed, 05 Aug 2026 04:42 PM (IST)
Updated Date: Wed, 05 Aug 2026 04:43 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ- ਭਾਜਪਾ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਮੁਲਾਜ਼ਮਾਂ ਨੂੰ ਡੀਏ ਦੇ ਭੁਗਤਾਨ ਸਬੰਧੀ ਆਏ ਉੱਚ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਕਿਹਾ ਕਿ ਅਦਾਲਤ ਦੇ ਫੈਸਲੇ ਨਾਲ ਮੁਲਾਜ਼ਮਾਂ ਨੂੰ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਛੱਡ ਦੇਸ਼ ਦੇ ਸਾਰੇ ਸੂਬਿਆਂ ਵਿਚ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਸਮੇਂ ਸਿਰ ਡੀਏ ਮਿਲ ਰਿਹਾ ਹੈ ਪਰ ਪੰਜਾਬ ਦੇ ਮੁਲਾਜ਼ਮ ਆਪਣੇ ਜਾਇਜ ਅਧਿਕਾਰ ਲਈ ਪਿੱਛਲੇ ਕਈ ਸਾਲਾਂ ਤੋਂ ਸੰਘਰਸ ਕਰਦੇ ਆ ਰਹੇ ਹਨ। ਅੰਦੋਲਨ ਅਤੇ ਮੀਟਿੰਗਾਂ ਦੇ ਬੇਸਿਟਾ ਰਹਿਣ ਤੋਂ ਬਾਅਦ ਹੀ ਮੁਲਾਜ਼ਮਾਂ ਨੇ ਉੱਚ ਅਦਾਲਤ ਦਾ ਰੁੱਖ ਕੀਤਾ ਸੀ। ਅਦਾਲਤ ਨੇ ਮੁਲਾਜ਼ਮਾਂ ਦੀਆਂ ਦਲੀਲਾਂ ਨਾਲ ਸਹਿਮਤ ਹੁਦਿਆਂ 15 ਦਿਨਾਂ ਦੇ ਅੰਦਰ ਡੀਏ ਦਾ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕ ਅਤੇ ਮੁਲਾਜ਼ਮ ਸਰਕਾਰ ਤੋਂ ਇਨਸਾਫ਼ ਦੀ ਉਮੀਦ ਰੱਖਦੇ ਹਨ ਪਰ ਮੌਜੂਦਾ ਸਰਕਾਰ ਨੇ ਕਿਸੇ ਵੀ ਵਰਗ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ, ਸਰਕਾਰ ਨੇ ਅਦਾਲਤ ਵਿਚ ਡੀਏ ਦੇਣ ਤੋਂ ਮੁਨਕਰ ਹੋਣ ਲਈ ਪੂਰੀ ਲੜਾਈ ਲੜੀ। ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਤਨਖਾਹਾਂ ’ਤੇ ਵੀ ਕਿੰਤੂ ਪਰੰਤੂ ਕੀਤਾ, ਸਰਕਾਰ ਦੀਆਂ ਦਲੀਲਾਂ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਵੀ ਫੈਸਲਾ ਲੋਕ ਪੱਖੀ ਨਹੀਂ ਕੀਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਅਤੇ ਪੰਚਾਇਤਾਂ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਨ ਤੋਂ ਲੈ ਕੇ ਸਾਰੇ ਮਾਮਲਿਆਂ ਵਿਚ ਲੋਕਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ। ਪੰਚਾਇਤ ਅਤੇ ਲੋਕਲ ਬਾਡੀ ਦੀਆਂ ਚੋਣਾਂ ਵੀ ਸਰਕਾਰ ਨੇ ਅਦਾਲਤ ਦੀ ਦਖ਼ਲ ਤੋਂ ਬਾਅਦ ਹੀ ਕਰਵਾਈਆਂ ਸਨ। ਮਲੂਕਾ ਨੇ ਕਿਹਾ ਕਿ ਸਰਕਾਰ ਨੇ ਆਪਣੇ ਗ਼ਲਤ ਫ਼ੈਸਲਿਆਂ ਕਾਰਨ ਵਾਰ ਵਾਰ ਅਦਾਲਤ ਵਿਚ ਝਾੜ ਪਈ ਹੈ, ਮੁਲਾਜ਼ਮਾਂ ਨੂੰ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਇਕ ਵੀ ਪੈਸਾ ਡੀਏ ਦਾ ਜਾਰੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉੱਚ ਅਦਾਲਤ ਦੇ ਫੈਸਲੇ ਨਾਲ ਮੁਲਾਜ਼ਮਾਂ ਦੇ ਸੰਘਰਸ ਦੀ ਜਿੱਤ ਹੋਈ ਹੈ। ਮਲੂਕਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਅਦਾਲਤ ਵਿਚ ਆਰਥਿਕ ਹਾਲਾਤ ਮਾੜੇ ਹੋਣ ਦੀ ਦੁਹਾਈ ਦੇ ਰਹੀ ਹੈ ਤੇ ਦੂਜੇ ਪਾਸੇ ਇਸ਼ਤਿਹਾਰਬਾਜੀ ਅਤੇ ਕੁਝ ਮੀਡੀਆ ਨੂੰ ਆਪਣੇ ਪੱਖ ਵਿਚ ਕਰਨ ਲਈ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਰਹੀ ਹੈ। ਸਰਕਾਰ ਫਜੂਲ ਖਰਚੇ ਬੰਦ ਕਰਕੇ ਤੁਰੰਤ ਮੁਲਾਜ਼ਮਾਂ ਦੇ ਡੀਏ ਦਾ ਭੁਗਤਾਨ ਕਰੇ। ਇਸੇ ਦੌਰਾਨ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਚੰਦਨ ਕਾਂਤ, ਕਮਰਪਾਲ ਭੁੱਲਰ, ਅਮਨ ਚੱਠਾ, ਯੁਵਾ ਵਿੰਗ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਬੁਰਜ ਲੱਧਾ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਵੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ।