ਦੁਨੇਵਾਲਾ ’ਚ ਭਾਜਪਾ ਨੂੰ ਮਿਲਿਆ ਵੱਡਾ ਬਲ, ਕਈ ਨੌਜਵਾਨ ਆਗੂਆਂ ਨੇ ਫੜਿਆ ਪਾਰਟੀ ਦਾ ਪੱਲਾ ਦੁਨੇਵਾਲਾ ’ਚ ਭਾਜਪਾ ਨੂੰ ਮਿਲਿਆ ਵੱਡਾ ਬਲ, ਕਈ ਨੌਜਵਾਨ ਆਗੂਆਂ ਨੇ ਫੜਿਆ ਪਾਰਟੀ ਦਾ ਪੱਲਾ
Publish Date: Sun, 09 Aug 2026 04:11 PM (IST)
Updated Date: Sun, 09 Aug 2026 04:14 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਹਲਕਾ ਤਲਵੰਡੀ ਸਾਬੋ ’ਚ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸੇ ਤਹਿਤ ਪਿੰਡ ਦੁਨੇਵਾਲਾ ਵਿਖੇ ਭਾਜਪਾ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਵੱਖ-ਵੱਖ ਪਰਿਵਾਰਾਂ ਨਾਲ ਸਬੰਧਤ ਨੌਜਵਾਨ ਆਗੂਆਂ ਨੇ ਭਾਜਪਾ ਦਾ ਪੱਲਾ ਫੜਦਿਆਂ ਪਾਰਟੀ ਦੀਆਂ ਨੀਤੀਆਂ ’ਚ ਭਰੋਸਾ ਪ੍ਰਗਟਾਇਆ। ਇਸ ਮੌਕੇ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਗੁਣੀ ਨੇ ਨਵੇਂ ਸ਼ਾਮਲ ਹੋਏ ਨੌਜਵਾਨਾਂ ਅਤੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਰਿਹਾ ਸਹਿਯੋਗ ਭਾਜਪਾ ਦੀਆਂ ਨੀਤੀਆਂ ਪ੍ਰਤੀ ਵਧ ਰਹੇ ਵਿਸ਼ਵਾਸ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਲਕੇ ਦੇ ਵਿਕਾਸ, ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਅਤੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਜਾਵੇਗਾ। ਇਸ ਦੌਰਾਨ ਸੁਖਵਿੰਦਰ ਸਿੰਘ ਗੁਣੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਸਿਆਸਤ ਵਿਚ ਵਧ ਰਹੀ ਭੂਮਿਕਾ ਆਉਣ ਵਾਲੇ ਸਮੇਂ ਵਿਚ ਹਲਕੇ ਦੀ ਸਿਆਸੀ ਤਸਵੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਵਜੋਤ ਸਿੰਘ ਗੁਣੀ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਕਈ ਪਰਿਵਾਰ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਕੋਸ਼ਿਸ਼ ਸਿਰਫ਼ ਸਿਆਸੀ ਤਾਕਤ ਵਧਾਉਣ ਤੱਕ ਸੀਮਤ ਨਹੀਂ, ਸਗੋਂ ਹਲਕੇ ਦੇ ਵਿਕਾਸ ਲਈ ਇਕ ਮਜ਼ਬੂਤ ਵਿਕਲਪ ਖੜ੍ਹਾ ਕਰਨ ਦੀ ਹੈ। ਭਾਜਪਾ ਆਗੂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਪਾਰਟੀ ਵੱਲੋਂ ਹਲਕੇ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦਾ ਇਹ ਸਹਿਯੋਗ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਹਲਕਾ ਤਲਵੰਡੀ ਸਾਬੋ ਦੀ ਸਿਆਸਤ ਵਿਚ ਭਾਜਪਾ ਇਕ ਅਹਿਮ ਤਾਕਤ ਵਜੋਂ ਉਭਰੇਗੀ। ਪਿੰਡ ਦੁਨੇਵਾਲਾ ਵਿਚ ਹੋਈ ਇਸ ਸ਼ਮੂਲੀਅਤ ਨੂੰ ਭਾਜਪਾ ਵੱਲੋਂ ਹਲਕੇ ਵਿਚ ਆਪਣਾ ਆਧਾਰ ਵਧਾਉਣ ਦੀ ਮੁਹਿੰਮ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਪਿੰਡਾਂ ਵਿਚ ਵੀ ਸੰਪਰਕ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ।