ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਸਾਝੇ ਤੌਰ ’ਤੇ ਮਨਾਇਆ ਜਾਵੇਗਾ : ਗਹਿਰੀ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਸਾਝੇ ਤੌਰ ’ਤੇ ਮਨਾਇਆ ਜਾਵੇਗਾ : ਗਹਿਰੀ
Publish Date: Tue, 08 Sep 2026 05:19 PM (IST)
Updated Date: Tue, 08 Sep 2026 05:22 PM (IST)
ਸੀਨੀਅਰ ਰਿਪੋਰਟਰ ਬਠਿੰਡਾ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ, ਗੁਰੂ ਕਾ ਬੇਟਾ ਦਾ ਜਨਮ ਦਿਹਾੜਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਬੱਲੂਆਣਾ ਵਿਖੇ ਸਾਂਝੇ ਤੌਰ ’ਤੇ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਕਿਰਨਜੀਤ ਸਿੰਘ ਗਹਿਰੀ, ਚੇਅਰਮੈਨ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ, ਜਨਰਲ ਸਕੱਤਰ ਕਾਂਗਰਸ ਅਤੇ ਚੇਅਰਮੈਨ ਕਾਮਗਾਰ ਕਰਮਚਾਰੀ ਕਾਂਗਰਸ ਪੰਜਾਬ ਨੇ ਬਰਨਾਲਾ ਪਹੁੰਚ ਕੇ ਸੰਤ ਬਾਬਾ ਬੂਟਾ ਸਿੰਘ ਗੁਰਥੜੀ ਅਤੇ ਵਿਦਵਾਨ ਮਨਦੀਪ ਸਿੰਘ ਵਿਦਿਆਰਥੀ ਨੂੰ ਬੱਲੂਆਣਾ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ। ਇਸ ਮੌਕੇ ਗਹਿਰੀ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਹਰ ਦੁੱਖ-ਸੁੱਖ ਵਿਚ ਸਾਥ ਨਿਭਾਇਆ ਅਤੇ ਆਪਣਾ ਸਾਰਾ ਪਰਿਵਾਰ ਪੰਥ ਦੇ ਲੇਖੇ ਲਾ ਕੇ ਨਿਰਸਵਾਰਥ ਤਿਆਗ ਦੀ ਮਹਾਨ ਮਿਸਾਲ ਕਾਇਮ ਕੀਤੀ। ਉਨ੍ਹਾਂ ਸਾਰੀਆਂ ਜਥੇਬੰਦੀਆਂ, ਸੰਗਤਾਂ ਅਤੇ ਪੰਥਕ ਤੇ ਰਾਜਨੀਤਕ ਆਗੂਆਂ ਨੂੰ ਸੱਦਾ ਦਿੱਤਾ ਕਿ ਜਨਮ ਦਿਹਾੜਾ ਸਾਂਝੇ ਤੌਰ ’ਤੇ ਮਨਾਇਆ ਜਾਵੇ ਅਤੇ ਸਮਾਗਮ ਨੂੰ ਇਤਿਹਾਸਕ ਬਣਾਇਆ ਜਾਵੇ। ਗਹਿਰੀ ਨੇ ਸੰਤ ਬਾਬਾ ਬੂਟਾ ਸਿੰਘ ਗੁਰਥੜੀ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਉਨ੍ਹਾਂ ਐੱਸਐੱਸਪੀ ਬਰਨਾਲਾ ਅਤੇ ਡੀਐੱਸਪੀ ਨਾਲ ਮੁਲਾਕਾਤ ਕਰਕੇ ਐੱਸਸੀ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬਾਬਾ ਬੂਟਾ ਸਿੰਘ ਦਾ ਸਤਿਕਾਰ ਬਹਾਲ ਨਾ ਕੀਤਾ ਗਿਆ ਤਾਂ 13 ਸਤੰਬਰ ਨੂੰ ਬੱਲੂਆਣਾ ਵਿਖੇ ਮਾਮਲੇ ’ਤੇ ਵਿਚਾਰ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਕਿਰਸਨ ਸਿੰਘ ਸੰਘੇੜਾ, ਬਾਬਾ ਹਰਪ੍ਰੀਤ ਸਿੰਘ ਤਰਨਾ ਦਲ, ਜਸਵੀਰ ਸਿੰਘ ਗੋਬਿੰਦਪੁਰਾ, ਗੁਰਬਿੰਦਰ ਸਿੰਘ ਭੁੱਚੋ ਅਤੇ ਜਗਦੀਪ ਸਿੰਘ ਬਰਨਾਲਾ ਹਾਜ਼ਰ ਸਨ।