- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਵੱਧ ਚਰਚਾ ਚ ਰਹਿਣ ਵਾਲੇ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ।

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਸਭ ਤੋਂ ਵੱਧ ਚਰਚਾ ਚ ਰਹਿਣ ਵਾਲੇ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਹੈ। ਪਾਰਟੀ ਹਾਈਕਮਾਂਡ ਨੇ ਉਨ੍ਹਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲਗਾਏ ਹਨ। ਇਸ ਘਟਨਾ ਤੋਂ ਬਾਅਦ ਹਲਕਾ ਮੌੜ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਭਾਰੀ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
ਸਿਆਸੀ ਮਾਹਰਾਂ ਅਤੇ ਹਲਕੇ ਦੇ ਰਾਜਨੀਤਿਕ ਗਲਿਆਰਿਆਂ 'ਚ ਇਹ ਵੱਡੀ ਚਰਚਾ ਹੈ ਕਿ ਵਿਧਾਇਕ ਮਾਈਸਰਖਾਨਾ ਦੇ ਸਬੰਧ 'ਆਪ' ਦੇ ਹੀ ਇੱਕ ਵੱਡੇ ਅਤੇ ਪ੍ਰਭਾਵਸ਼ਾਲੀ ਆਗੂ ਨਾਲ ਕਾਫੀ ਗੂੜ੍ਹੇ ਸਨ। ਚਰਚਾ ਹੈ ਕਿ ਉਕਤ ਵੱਡਾ ਆਗੂ ਪਹਿਲਾਂ ਹੀ 'ਆਪ' ਨਾਲੋਂ ਬਾਗੀ ਹੋ ਕੇ ਕਿਸੇ ਹੋਰ ਸਿਆਸੀ ਧਿਰ 'ਚ ਸ਼ਾਮਲ ਹੋ ਚੁੱਕਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮਾਈਸਰਖਾਨਾ ਵੱਲੋਂ ਆਪਣੀ ਹੀ ਸਰਕਾਰ ਖਿਲਾਫ ਬਗਾਵਤੀ ਸੁਰ ਅਪਣਾਉਣ ਅਤੇ ਵੀਡੀਓ ਵਾਇਰਲ ਕਰਨ ਪਿੱਛੇ ਇਸ ਗੂੜ੍ਹੀ ਮਿੱਤਰਤਾ ਅਤੇ ਭਵਿੱਖੀ ਰਾਜਨੀਤਿਕ ਰਣਨੀਤੀ ਦਾ ਵੀ ਵੱਡਾ ਹੱਥ ਹੋ ਸਕਦਾ ਹੈ।
ਵਿਧਾਇਕ ਮਾਈਸਰਖਾਨਾ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੀ ਹੀ ਸਰਕਾਰ ਦੇ 'ਸਿੱਖਿਆ ਕ੍ਰਾਂਤੀ' ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ਵਿੱਚ ਉਨ੍ਹਾਂ ਨੇ ਹਲਕੇ ਦੇ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ ਸੀ। ਪਾਰਟੀ ਵੱਲੋਂ ਕਾਰਵਾਈ ਕੀਤੇ ਜਾਣ ਤੋਂ ਬਾਅਦ ਹਲਕੇ ਦੇ ਲੋਕਾਂ ਅਤੇ ਸਿਆਸੀ ਗਲਿਆਰਿਆਂ 'ਚ ਇਹ ਗੱਲ ਚਰਚਾ ਦਾ ਕੇਂਦਰ ਬਣੀ ਹੋਈ ਹੈ। ਕੁਝ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਸਾਢੇ ਚਾਰ ਸਾਲ ਤੋਂ ਵੱਧ ਸਮਾਂ ਰਾਜ ਭਾਗ ਭੋਗਣ ਤੋਂ ਬਾਅਦ ਵਿਧਾਇਕ ਨੂੰ ਹੁਣ ਸਿੱਖਿਆ ਪ੍ਰਣਾਲੀ ਦੀ ਘਾਟ ਚੇਤੇ ਆਈ ਹੈ। ਦੂਜੇ ਪਾਸੇ, ਇਹ ਚਰਚਾ ਵੀ ਜ਼ੋਰਾਂ 'ਤੇ ਹੈ ਕਿ ਆਗਾਮੀ ਚੋਣਾਂ ਦੀਆਂ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੇ ਬਦਲਦੇ ਰਵੱਈਏ ਅਤੇ ਟਿਕਟ ਕੱਟੇ ਜਾਣ ਦੇ ਖਦਸ਼ੇ ਕਾਰਨ ਹੀ ਇਹ ਵੀਡੀਓ ਇੱਕ ਸੋਚੀ-ਸਮਝੀ ਰਣਨੀਤੀ ਅਧੀਨ ਜਾਰੀ ਕੀਤੀ ਗਈ।ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜਦੋਂ ਸੂਬੇ ਦਾ ਮੁੱਖ ਮੰਤਰੀ ਆਪਣੀ ਹੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨਹੀਂ ਸੁਣਦਾ, ਤਾਂ ਉਹ ਆਮ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਕਰੇਗਾ।ਵਿਧਾਇਕ 'ਤੇ ਹੋਈ ਇਸ ਕਾਰਵਾਈ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਮਤਭੇਦਾਂ ਨੂੰ ਜਨਤਕ ਕਰ ਦਿੱਤਾ ਹੈ, ਉੱਥੇ ਹੀ ਮੌੜ ਹਲਕੇ ਦੇ ਆਉਣ ਵਾਲੇ ਸਿਆਸੀ ਸਮੀਕਰਨਾਂ ਨੂੰ ਵੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਵਿਰੋਧੀਆਂ ਵੱਲੋਂ ਸਰਕਾਰ 'ਤੇ ਸਾਧੇ ਜਾ ਰਹੇ ਨਿਸ਼ਾਨਿਆਂ ਅਤੇ ਪਾਰਟੀ ਅੰਦਰਲੇ ਅਸੰਤੋਸ਼ ਨੇ 'ਆਪ' ਲਈ ਮੌੜ ਹਲਕੇ 'ਚ ਆਪਣੀ ਪਕੜ ਬਣਾਈ ਰੱਖਣ ਦੀ ਚੁਣੌਤੀ ਵਧਾ ਦਿੱਤੀ ਹੈ।