ਬਠਿੰਡਾ ਨਿਗਮ ਬੈਠਕ 'ਚ ਵੱਡਾ ਫੈਸਲਾ, 178 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਤੇ ਪਾਰਕਿੰਗ ਠੇਕਿਆਂ 'ਤੇ ਸ਼ਿਕੰਜੇ ਦੀ ਤਿਆਰੀ
ਮਾਲ ਰੋਡ ਅਤੇ ਮਲਟੀਲੇਵਲ ਕਾਰ ਪਾਰਕਿੰਗ ਦਾ ਠੇਕਾ ਗੁਰਮੇਲ ਸਿੰਘ ਵਿਰਕ ਨੂੰ 21 ਜੂਨ 2023 ਤੋਂ 20 ਜੂਨ 2028 ਤੱਕ 69.98 ਲੱਖ ਰੁਪਏ ਸਾਲਾਨਾ ਦੀ ਬੋਲੀ 'ਤੇ ਦਿੱਤਾ ਗਿਆ ਸੀ। ਨਿਗਮ ਅਨੁਸਾਰ, ਠੇਕੇਦਾਰ ਨੇ 10 ਅਗਸਤ 2025 ਤੋਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ। 10 ਅਗਸਤ 2025 ਤੋਂ 9 ਅਕਤੂਬਰ 2026 ਤੱਕ 97,79,588 ਰੁਪਏ ਬਕਾਇਆ ਹਨ।
Publish Date: Mon, 02 Nov 2026 12:35 PM (IST)
Updated Date: Mon, 02 Nov 2026 12:39 PM (IST)
ਗੁਰਪ੍ਰੇਮ ਲਹਿਰੀ, ਬਠਿੰਡਾ। ਨਗਰ ਨਿਗਮ ਦੀ 2 ਨਵੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਬੈਠਕ ’ਚ ਸ਼ਹਿਰ ਦੇ ਵਿਕਾਸ ਅਤੇ ਮੁਲਾਜ਼ਮਾਂ ਨਾਲ ਜੁੜੇ ਕਈ ਅਹਿਮ ਪ੍ਰਸਤਾਵਾਂ 'ਤੇ ਵਿਚਾਰ ਹੋਵੇਗਾ। ਇਨ੍ਹਾਂ ਵਿੱਚ 178 ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦਾ ਪ੍ਰਸਤਾਵ ਮੁੱਖ ਹੈ। ਮੰਜ਼ੂਰੀ ਮਿਲਣ 'ਤੇ ਲੰਬੇ ਸਮੇਂ ਤੋਂ ਆਊਟਸੋਰਸ ਆਧਾਰ 'ਤੇ ਕੰਮ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਵਿਵਸਥਾ ਤਹਿਤ ਕੰਮ ਕਰਨ ਦਾ ਰਸਤਾ ਖੁੱਲ੍ਹ ਸਕਦਾ ਹੈ। ਇਸਨੂੰ ਮੁਲਾਜ਼ਮਾਂ ਲਈ ਦੀਵਾਲੀ ਦਾ ਤੋਹਫ਼ਾ ਮੰਨਿਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ 26 ਅਗਸਤ 2026 ਦੇ ਨੋਟੀਫਿਕੇਸ਼ਨ ਅਤੇ ਪੰਜਾਬ ਸਟੇਟ ਆਊਟਸੋਰਸਡ ਪਰਸੋਨਲ (ਟ੍ਰਾਂਜ਼ੀਸ਼ਨ ਟੂ ਕੰਟਰੈਕਚੁਅਲ ਐਂਗੇਜਮੈਂਟ) ਐਕਟ 2026 ਤਹਿਤ ਨਿਗਮ ਨੇ ਮੁਲਾਜ਼ਮਾਂ ਦੀ ਸਕ੍ਰੀਨਿੰਗ ਲਈ ਕਮੇਟੀ ਬਣਾਈ ਸੀ। ਕਮੇਟੀ ਨੇ 24 ਸਤੰਬਰ ਨੂੰ ਬੈਠਕ ਕਰਕੇ ਵਿਭਾਗਾਂ ਤੋਂ ਮਿਲੇ ਹਾਜ਼ਰੀ, ਰਿਕਾਰਡ ਅਤੇ ਯੋਗਤਾ ਸੰਬੰਧੀ ਵੇਰਵਿਆਂ ਦੀ ਜਾਂਚ ਕੀਤੀ।
ਏਜੰਡੇ ਅਨੁਸਾਰ, ਹਾਜ਼ਰੀ ਵਾਲੀ ਸ਼੍ਰੇਣੀ ਦੇ 44 ਮੁਲਾਜ਼ਮਾਂ ’ਚੋਂ 33 ਯੋਗ ਅਤੇ 11 ਅਯੋਗ ਪਾਏ ਗਏ। ਨੌਨ-ਹਾਜ਼ਰੀ ਸ਼੍ਰੇਣੀ ਵਿੱਚ 460 ਕਰਮਚਾਰੀਆਂ ਦਾ ਜ਼ਿਕਰ ਹੈ, ਜਿਹਨਾਂ ਵਿੱਚੋਂ 178 ਯੋਗ ਅਤੇ 268 ਅਯੋਗ ਦੱਸੇ ਗਏ ਹਨ। ਵਿੱਤ ਅਤੇ ਲੇਖਾ, ਓ.ਐਂਡ.ਐੱਮ., ਬਾਗਬਾਨੀ, ਜਨਰਲ ਅਤੇ ਵਾਟਰ ਸਪਲਾਈ ਤੇ ਸੀਵਰੇਜ ਸ਼ਾਖਾ ਦੇ ਯੋਗ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦੀ ਮੰਜ਼ੂਰੀ ਮੰਗੀ ਜਾਵੇਗੀ।
ਠੇਕੇਦਾਰ 'ਤੇ 97.79 ਲੱਖ ਰੁਪਏ ਬਕਾਇਆ
ਮਾਲ ਰੋਡ ਅਤੇ ਮਲਟੀਲੇਵਲ ਕਾਰ ਪਾਰਕਿੰਗ ਦਾ ਠੇਕਾ ਗੁਰਮੇਲ ਸਿੰਘ ਵਿਰਕ ਨੂੰ 21 ਜੂਨ 2023 ਤੋਂ 20 ਜੂਨ 2028 ਤੱਕ 69.98 ਲੱਖ ਰੁਪਏ ਸਾਲਾਨਾ ਦੀ ਬੋਲੀ 'ਤੇ ਦਿੱਤਾ ਗਿਆ ਸੀ। ਨਿਗਮ ਅਨੁਸਾਰ, ਠੇਕੇਦਾਰ ਨੇ 10 ਅਗਸਤ 2025 ਤੋਂ ਕਿਸ਼ਤਾਂ ਜਮ੍ਹਾਂ ਨਹੀਂ ਕਰਵਾਈਆਂ। 10 ਅਗਸਤ 2025 ਤੋਂ 9 ਅਕਤੂਬਰ 2026 ਤੱਕ 97,79,588 ਰੁਪਏ ਬਕਾਇਆ ਹਨ।
ਕਈ ਨੋਟਿਸਾਂ ਦੇ ਬਾਵਜੂਦ ਭੁਗਤਾਨ ਨਹੀਂ ਹੋਇਆ। ਠੇਕੇਦਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਅਗਲੀ ਸੁਣਵਾਈ 30 ਅਕਤੂਬਰ 2026 ਤੈਅ ਸੀ। ਏਜੰਡੇ ਮੁਤਾਬਕ ਅਦਾਲਤ ਨੇ ਸਟੇਅ ਆਰਡਰ ਜਾਰੀ ਨਹੀਂ ਕੀਤਾ ਹੈ। ਨਿਗਮ ਠੇਕਾ ਰੱਦ ਕਰਕੇ 17.42 ਲੱਖ ਰੁਪਏ ਦੀ ਬੈਂਕ ਗਾਰੰਟੀ ਜ਼ਬਤ ਕਰਨ ਦਾ ਪ੍ਰਸਤਾਵ ਰੱਖੇਗਾ।
ਸਬਜ਼ੀ ਮੰਡੀ ਰੋਡ ਨੂੰ ਕਰੀਬ 80 ਫੁੱਟ ਚੌੜਾ ਕਰਨ ਦਾ ਪ੍ਰਸਤਾਵ ਹੈ। ਅਜੇ ਇਸ ਦੀ ਚੌੜਾਈ ਕਰੀਬ 50 ਫੁੱਟ ਹੈ। ਬਾਲਮੀਕੀ ਚੌਂਕ ਤੋਂ ਸਬਜ਼ੀ ਮੰਡੀ ਜਾਣ ਵਾਲੇ ਮਾਰਗ 'ਤੇ ਟ੍ਰੈਫਿਕ ਸਮੱਸਿਆ ਦੂਰ ਕਰਨ ਲਈ ਟਿੱਪਰ ਸਟੈਂਡ ਦੀ ਚਾਰਦੀਵਾਰੀ 30 ਫੁੱਟ ਪਿੱਛੇ ਕਰਨ ਅਤੇ ਖਰਚੇ ਦੀ ਮੰਜ਼ੂਰੀ ਮੰਗੀ ਜਾਵੇਗੀ।
ਕਿਰਾਏ ਦੀਆਂ ਦੁਕਾਨਾਂ 'ਤੇ ਵੀ ਲਿਆ ਫੈਸਲਾ
ਸਥਾਨਕ ਸਰਕਾਰਾਂ ਵਿਭਾਗ ਦੇ 9 ਅਕਤੂਬਰ ਦੇ ਪੱਤਰ ਤਹਿਤ ਨਿਗਮ ਦੀਆਂ ਕਿਰਾਏ ਦੀਆਂ ਦੁਕਾਨਾਂ ਨੂੰ ਵੇਚਣ ਜਾਂ ਟ੍ਰਾਂਸਫਰ ਕਰਨ ਦੇ ਨਿਰਦੇਸ਼ਾਂ 'ਤੇ ਚਰਚਾ ਹੋਵੇਗੀ। ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਆਫ ਮਿਊਂਸੀਪਲ ਪ੍ਰਾਪਰਟੀ ਐਕਟ 2020 ਅਤੇ ਨਿਯਮ 2021 ਤਹਿਤ ਐੱਸ.ਓ.ਪੀ. (SOP) ਨੂੰ ਸਮਾਂ-ਸੀਮਾ ਵਧਾ ਕੇ ਲਾਗੂ ਕਰਨ ਦੀ ਮੰਜ਼ੂਰੀ ਵੀ ਮੰਗੀ ਜਾਵੇਗੀ।
ਵਰਕਸ ਬ੍ਰਾਂਚ ਨੇ ਵੱਖ-ਵੱਖ ਵਾਰਡਾਂ ਵਿੱਚ 20 ਵਿਕਾਸ ਕਾਰਜਾਂ ਦੇ ਐਸਟੀਮੇਟ ਬਣਾਏ ਹਨ। ਇਹਨਾਂ ਵਿੱਚ ਮਾਡਲ ਟਾਊਨ ਵਿੱਚ ਟਾਇਲਟ ਬਲਾਕ ਦੀ ਮੁਰੰਮਤ 'ਤੇ 9.90 ਲੱਖ, ਲਾਲ ਸਿੰਘ ਬਸਤੀ ਵਿੱਚ ਇੰਟਰਲਾਕਿੰਗ ਟਾਇਲਾਂ 'ਤੇ 44.48 ਲੱਖ ਅਤੇ ਸੰਜੇ ਨਗਰ ਵਿੱਚ ਆਡੀਟੋਰੀਅਮ ਨਿਰਮਾਣ 'ਤੇ 45.29 ਲੱਖ ਰੁਪਏ ਸ਼ਾਮਲ ਹਨ। ਗੁਰੂ ਨਾਨਕ ਨਗਰ ਅਤੇ ਗਿੱਲ ਪੱਤੀ ਦੀਆਂ ਗਲੀਆਂ ਵਿੱਚ ਟਾਇਲਾਂ ਲਗਾਉਣ, ਮਾਡਲ ਟਾਊਨ ਵਿੱਚ ਟਾਇਲਾਂ ਵਿਛਾਉਣ ਅਤੇ ਭੱਗੂ ਰੋਡ, ਪਾਵਰ ਹਾਊਸ ਰੋਡ ਤੇ ਸਿਵਲ ਲਾਈਨਜ਼ ਵਿੱਚ ਸਟ੍ਰੀਟ ਲਾਈਟਾਂ ਲਗਾਉਣ ਦੇ ਕੰਮ ਵੀ ਪ੍ਰਸਤਾਵਿਤ ਹਨ।
ਏਮਜ਼ (AIIMS) ਚੌਂਕ 'ਤੇ ਏ.ਆਈ. ਕੈਮਰਾ ਆਧਾਰਿਤ ਵਹੀਕਲ ਐਕਟੀਵੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਈ 19.60 ਲੱਖ ਰੁਪਏ ਦਾ ਐਸਟੀਮੇਟ ਹੈ। ਤਹਿਬਾਜ਼ਾਰੀ ਸ਼ਾਖਾ ਦੇ ਪੁਰਾਣੇ ਲੇਬਰ ਕਰਮਚਾਰੀਆਂ ਦੀ ਸਪਲਾਈ ਮਿਆਦ ਇੱਕ ਸਾਲ ਵਧਾਉਣ ਲਈ 12.68 ਲੱਖ ਰੁਪਏ ਦਾ ਪ੍ਰਸਤਾਵ ਵੀ ਰੱਖਿਆ ਜਾਵੇਗਾ। ਸਾਰੇ ਪ੍ਰਸਤਾਵਾਂ 'ਤੇ ਹਾਊਸ ਦੀ ਮੰਜ਼ੂਰੀ ਲਈ ਜਾਵੇਗੀ।