ਯਾਦਗਾਰੀ ਹੋ ਨਿਬੜਿਆ ਭੁੱਚੋ ਦਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ ਭੁੱਚੋ ਦਾ ਸੱਭਿਆਚਾਰਕ ਮੇਲਾ
Publish Date: Mon, 21 Sep 2026 04:02 PM (IST)
Updated Date: Mon, 21 Sep 2026 04:02 PM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ ਭੁੱਚੋ ਮੰਡੀ ਮਾਲਵਾ ਸੱਭਿਆਚਾਰਕ ਮੰਚ ਭੁੱਚੋ ਵੱਲੋਂ ਸਥਾਨਕ ਦਾਣਾ ਮੰਡੀ ਵਿਖੇ ਕਰਵਾਇਆ ਗਿਆ ਪਹਿਲਾ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ। ਮੇਲੇ ਦੌਰਾਨ ਨਾਮਵਾਰ ਤੇ ਨਵੇਂ ਕਲਾਕਾਰਾਂ ਨੇ ਪਰਿਵਾਰਕ ਰਿਸ਼ਤਿਆਂ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਤ ਸਭਿਅਕ ਗੀਤ ਪੇਸ਼ ਕਰਕੇ ਹਾਜ਼ਰ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਉੱਘੇ ਗਾਇਕ ਬਲਵੀਰ ਚੋਟੀਆਂ, ਸ਼ਰੀਫ ਦਿਲਦਾਰ, ਬੱਗੜ ਖਾਨ ਫੱਕਰ, ਜਸਪਾਲ ਜੱਸੀ ਸਮੇਤ ਕਰੀਬ 20 ਨਾਮਵਾਰ ਅਤੇ ਨਵੇਂ ਕਲਾਕਾਰਾਂ ਨੇ ਆਪਣੇ ਗੀਤ-ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖਿਆ। ਮੇਲੇ ਦੌਰਾਨ ਮਸ਼ਹੂਰ ਲੇਖਕ ਬਿੰਦਰ ਨਥਾਣਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਪੁਰਾਣੇ ਰਿਕਾਰਡਾਂ ਤੇ ਤਵਿਆਂ ਵਾਲੀਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਮੇਲੇ ਦਾ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਨੀਲਾ ਬਾਂਸਲ, ਵਾਈਸ ਪ੍ਰਧਾਨ ਰੁਪਿੰਦਰ ਕੌਰ, ਐੱਮਸੀ ਪ੍ਰਿੰਸ ਗੋਲਣ, ਸਾਬਕਾ ਪ੍ਰਧਾਨ ਨਰਦੀਪ ਕੁਮਾਰ, ਗਰਗ ਸਾਧੂ ਰਾਮ ਸ਼ਰਮਾ, ਸੰਤੋਖ ਸਿੰਘ ਜੁਗਨੂ, ਆਤਮਾ ਸਿੰਘ ਅਤੇ ਸਮੂਹ ਐੱਮਸੀ ਸਾਹਿਬਾਨ ਨੇ ਕੀਤਾ। ਮੁੱਖ ਮਹਿਮਾਨ ਵਜੋਂ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸ਼ਿਰਕਤ ਕੀਤੀ, ਜਦਕਿ ਮੇਲੇ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਬਠਿੰਡਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਨੇ ਕੀਤੀ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਰਹੀਆਂ। ਕਲੱਬ ਵੱਲੋਂ ਆਗੂਆਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਮੰਚ ਦੇ ਅਹੁਦੇਦਾਰਾਂ ਨੇ ਮੇਲੇ ਨੂੰ ਸਫਲ ਬਣਾਉਣ ਲਈ ਭੁੱਚੋ ਮੰਡੀ ਵਾਸੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।