ਨਸ਼ਿਆਂ ਦੇ ਮੁੱਦੇ ’ਤੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪੁਤਲੇ ਫੂਕ ਕੇ ਪ੍ਰਦਰਸ਼ਨ ਨਸ਼ਿਆਂ ਦੇ ਮੁੱਦੇ ’ਤੇ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿਚ ਪੁਤਲੇ ਫੂਕ ਕੇ ਪ੍ਰਦਰਸ਼ਨ
Publish Date: Sun, 25 Oct 2026 05:48 PM (IST)
Updated Date: Sun, 25 Oct 2026 05:49 PM (IST)
ਸੀਨੀਅਰ ਰਿਪੋਰਟਰ ਬਠਿੰਡਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਰਾਮਪੁਰਾ ਦੇ ਵੱਖ-ਵੱਖ ਪਿੰਡਾਂ ਵਿਚ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ਮਾਨਸਾ ਜ਼ਿਲ੍ਹੇ ਵਿਚ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿਚ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਕੀਤੇ ਗਏ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਸੀ। ਉਸ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਵਿਚ ਪੱਕਾ ਮੋਰਚਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨਸਾਫ਼ ਦੀ ਮੰਗ ਸਬੰਧੀ ਪੰਜਾਬ ਭਰ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਮੰਗ-ਪੱਤਰ ਸੌਂਪੇ ਗਏ ਅਤੇ ਹੁਣ ਪਿੰਡ-ਪਿੰਡ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਦਰਸ਼ਨਾਂ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਲੋਕਾਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟਾ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਹ ਪ੍ਰਦਰਸ਼ਨ ਚਾਉਕੇ, ਡਿੱਖ, ਭੈਣੀ ਚੂਹੜ, ਸੂਚ, ਜਿਉਂਦ, ਪਿੱਥੋ, ਜੈਦ, ਗਿੱਲ ਕਲਾਂ, ਜੇਠੂਕੇ, ਭੂੰਦੜ, ਲਹਿਰਾ ਧੂਰਕੋਟ, ਬਾਲਿਆਂਵਾਲੀ, ਹਰਕ੍ਰਿਸ਼ਨਪੁਰਾ, ਗਿੱਲ ਖੁਰਦ ਅਤੇ ਮੰਡੀ ਖੁਰਦ ਸਮੇਤ ਕਈ ਪਿੰਡਾਂ ਵਿੱਚ ਕੀਤੇ ਗਏ। ਇਨ੍ਹਾਂ ਦੀ ਅਗਵਾਈ ਗੁਲਾਬ ਸਿੰਘ, ਨਿਰਮਲ ਸਿੰਘ, ਗੁਰਮੇਲ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ, ਭੂਰਾ ਸਿੰਘ, ਨਿੱਕਾ ਸਿੰਘ ਜੱਗਾ ਅਤੇ ਗੁਰਪ੍ਰੀਤ ਸਿੰਘ ਸਮੇਤ ਹੋਰ ਆਗੂਆਂ ਨੇ ਕੀਤੀ।