‘ਬੈਟਰ ਹਾਫ’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ ‘ਬੈਟਰ ਹਾਫ’ ਨੇ ਪਿਆਰ, ਵਿਛੋੜੇ ਤੇ ਯਾਦਾਂ ਨਾਲ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ
Publish Date: Sat, 03 Oct 2026 05:54 PM (IST)
Updated Date: Sun, 04 Oct 2026 04:06 AM (IST)
ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਸੱਤਵੀਂ ਰਾਤ ਚੇਤਨਾ ਰੰਗ ਸਮੂਹ ਭੋਪਾਲ ਨੇ ਪੇਸ਼ ਕੀਤਾ ਪ੍ਰਭਾਵਸ਼ਾਲੀ ਨਾਟਕ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਸੱਤਵੀਂ ਰਾਤ ਚੇਤਨਾ ਰੰਗ ਸਮੂਹ, ਭੋਪਾਲ ਵੱਲੋਂ ਆਸ਼ੀਸ਼ ਸ਼੍ਰੀਵਾਸਤਵ ਦੁਆਰਾ ਲਿਖੇ ਅਤੇ ਨਿਰਦੇਸ਼ਿਤ ਹਿੰਦੀ ਨਾਟਕ ‘ਬੈਟਰ ਹਾਫ’ ਦਾ ਮੰਚਣ ਕੀਤਾ ਗਿਆ। ਪਿਆਰ, ਵਿਆਹੁਤਾ ਜੀਵਨ, ਵਿਛੋੜੇ ਅਤੇ ਮਨੁੱਖੀ ਸੰਵੇਦਨਾਵਾਂ ’ਤੇ ਆਧਾਰਿਤ ਇਸ ਨਾਟਕ ਨੇ ਦਰਸ਼ਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਿਆ। ਕਈ ਭਾਵੁਕ ਦ੍ਰਿਸ਼ਾਂ ਦੌਰਾਨ ਆਡੀਟੋਰੀਅਮ ਵਿੱਚ ਡੂੰਘੀ ਖਾਮੋਸ਼ੀ ਛਾਈ ਰਹੀ, ਜਦਕਿ ਪ੍ਰਭਾਵਸ਼ਾਲੀ ਸੰਵਾਦਾਂ ਅਤੇ ਅਦਾਕਾਰੀ ’ਤੇ ਜ਼ੋਰਦਾਰ ਤਾੜੀਆਂ ਵੱਜੀਆਂ। ਨਾਟਕ ਦੀ ਕਹਾਣੀ ਕਰੀਬ 30 ਸਾਲਾਂ ਤੋਂ ਵਿਆਹੁਤਾ ਜੀਵਨ ਬਤੀਤ ਕਰ ਰਹੇ ਪ੍ਰਸ਼ਾਂਤ ਅਤੇ ਸੁਧਾ ਚੈਟਰਜੀ ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਵਿਚਕਾਰ ਡੂੰਘਾ ਪਿਆਰ ਹੈ ਪਰ ਇੱਕ ਛੋਟੇ ਜਿਹੇ ਆਪ੍ਰੇਸ਼ਨ ਦੌਰਾਨ ਸੁਧਾ ਦੀ ਅਚਾਨਕ ਮੌਤ ਹੋ ਜਾਂਦੀ ਹੈ। ਪਤਨੀ ਦੀ ਮੌਤ ਤੋਂ ਬਾਅਦ ਪ੍ਰਸ਼ਾਂਤ ਹਸਪਤਾਲ ਖ਼ਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕਰਦਾ ਹੈ। ਇਸ ਦੌਰਾਨ ਸੁਧਾ ਦੀਆਂ ਯਾਦਾਂ ਉਸਦੀ ਜ਼ਿੰਦਗੀ ’ਤੇ ਇੰਨਾ ਪ੍ਰਭਾਵ ਪਾਉਂਦੀਆਂ ਹਨ ਕਿ ਉਸਨੂੰ ਆਪਣੀ ਪਤਨੀ ਆਪਣੇ ਆਲੇ-ਦੁਆਲੇ ਮੌਜੂਦ ਮਹਿਸੂਸ ਹੁੰਦੀ ਹੈ। ਅਸਲੀਅਤ ਅਤੇ ਯਾਦਾਂ ਦੇ ਵਿਚਕਾਰ ਬੁਣੀ ਕਹਾਣੀ ਰਾਹੀਂ ਪ੍ਰਸ਼ਾਂਤ ਦੇ ਇਕੱਲੇਪਣ ਅਤੇ ਸੁਧਾ ਪ੍ਰਤੀ ਉਸਦੇ ਅਟੁੱਟ ਪਿਆਰ ਨੂੰ ਪੇਸ਼ ਕੀਤਾ ਗਿਆ। ਅੰਤ ਵਿੱਚ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਮਿਲੀ ਮੁਆਵਜ਼ੇ ਦੀ ਰਕਮ ਉਹ ਲੋੜਵੰਦਾਂ ਵਿੱਚ ਵੰਡ ਦਿੰਦਾ ਹੈ। ਕਲਾਕਾਰਾਂ ਦੀ ਭਾਵਪੂਰਨ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਨਿਰਦੇਸ਼ਨ ਨੇ ਨਾਟਕ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ। ਨਾਟਕ ਦਾ ਉਦਘਾਟਨ ਮੁੱਖ ਮਹਿਮਾਨ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਮਾਤਾ ਬਬੀਤਾ ਮਹਿਤਾ, ਡਾ. ਪੂਜਾ ਗੁਪਤਾ, ਨਾਟਿਅਮ ਪ੍ਰਧਾਨ ਸੁਰਿੰਦਰ ਕੌਰ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਅਤੇ ਸਰਪਰਸਤ ਸੁਦਰਸ਼ਨ ਗੁਪਤਾ ਮੌਜੂਦ ਸਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਬਠਿੰਡਾ ਵਿੱਚ ਰੰਗਮੰਚ ਦੀ ਸੰਸਕ੍ਰਿਤੀ ਨੂੰ ਸਥਾਪਿਤ ਕਰਨ ਅਤੇ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ, ਦਿੱਲੀ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਦੀ ਫੈਕਲਟੀ ਨੂੰ ਬਠਿੰਡਾ ਸੱਦਿਆ ਜਾ ਸਕੇ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ ਕਿ ਉਹ ਸਵਰਗੀ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਵਿਧਾ ਨੂੰ ਜ਼ਿੰਦਾ ਰੱਖਣ ਦੀ ਮਸ਼ਾਲ ਲੈ ਕੇ ਅੱਗੇ ਵਧ ਰਹੇ ਹਨ। ਮੁੱਖ ਸਰਪਰਸਤ ਡਾ. ਕਸ਼ਿਸ਼ ਗੁਪਤਾ ਨੇ ਕਿਹਾ ਕਿ ਬਲਵੰਤ ਗਾਰਗੀ ਆਡੀਟੋਰੀਅਮ ਦੀ ਸਾਂਭ-ਸੰਭਾਲ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਮੇਅਰ ਤੋਂ ਇਸ ਲਈ ਕਮੇਟੀ ਬਣਾਉਣ ਦੀ ਮੰਗ ਕਰਦਿਆਂ ਆਪਣੀ ਤਰਫ਼ੋਂ ਹਰ ਸਾਲ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਐਲਾਨ ਦਾ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ।