ਬਠਿੰਡਾ ਨੂੰ ਮਿਲੇਗੀ ਨਵੀਂ ਪਛਾਣ, ਬਣੇਗਾ ਆਧੁਨਿਕ ਕਲਾਕ ਟਾਵਰ, ਮੇਅਰ ਮਹਿਤਾ ਨੇ 31 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਕੀਤਾ ਸ਼ੁਭ ਆਰੰਭ ਬਠਿੰਡਾ ਨੂੰ ਮਿਲੇਗੀ ਨਵੀਂ ਪਛਾਣ, ਬਣੇਗਾ ਆਧੁਨਿਕ ਕਲਾਕ ਟਾਵਰ, ਮੇਅਰ ਨੇ ਕੀਤਾ ਸ਼ੁਭ ਆਰੰਭ
Publish Date: Tue, 10 Nov 2026 04:59 PM (IST)
Updated Date: Tue, 10 Nov 2026 05:00 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸ਼ਹਿਰ ਦੇ ਸੁੰਦਰੀਕਰਨ ਅਤੇ ਇਸ ਨੂੰ ਆਧੁਨਿਕ ਦਿੱਖ ਦੇਣ ਲਈ ਨਗਰ ਨਿਗਮ ਬਠਿੰਡਾ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਇੱਕ ਹੋਰ ਅਹਿਮ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਸ਼ਹਿਰ ਵਾਸੀਆਂ ਨੂੰ ਜਲਦ ਹੀ ਫਾਇਰ ਬ੍ਰਿਗੇਡ ਦੇ ਨਜ਼ਦੀਕ ਇੱਕ ਆਧੁਨਿਕ ਕਲਾਕ ਟਾਵਰ ਦੇਖਣ ਨੂੰ ਮਿਲੇਗਾ, ਜੋ ਬਠਿੰਡਾ ਦੀ ਨਵੀਂ ਪਛਾਣ ਵਜੋਂ ਉੱਭਰਨ ਦੀ ਉਮੀਦ ਹੈ। ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਕਲਾਕ ਟਾਵਰ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਮੰਗਲਵਾਰ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀਆਂ, ਕੌਂਸਲਰਾਂ ਅਤੇ ਵੱਖ-ਵੱਖ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਕਸੀਅਨ ਰਾਜਿੰਦਰ ਕੁਮਾਰ, ਐੱਸਡੀਓ ਸੋਫੀਆ ਉੱਪਲ ਅਤੇ ਜੇਈ ਸਚਿਨ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਬਾਕਸ 40 ਫੁੱਟ ਉੱਚਾ ਹੋਵੇਗਾ ਆਧੁਨਿਕ ਕਲਾਕ ਟਾਵਰ ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪ੍ਰਸਤਾਵਿਤ ਕਲਾਕ ਟਾਵਰ ਦਾ ਡਿਜ਼ਾਈਨ ਆਧੁਨਿਕ ਤਕਨੀਕ ਅਤੇ ਸ਼ਹਿਰ ਦੀ ਸੁੰਦਰਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਟਾਵਰ ਦੀ ਉਚਾਈ ਕਰੀਬ 40 ਫੁੱਟ ਹੋਵੇਗੀ, ਜਦਕਿ ਇਸ ਦੀ ਚੌੜਾਈ 7.25 ਗੁਣਾ 7.25 ਫੁੱਟ ਰੱਖੀ ਗਈ ਹੈ। ਟਾਵਰ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਚਾਰ ਆਧੁਨਿਕ ਘੜੀਆਂ ਲਗਾਈਆਂ ਜਾਣਗੀਆਂ, ਤਾਂ ਜੋ ਆਸ-ਪਾਸ ਤੋਂ ਲੰਘਣ ਵਾਲੇ ਲੋਕ ਕਿਸੇ ਵੀ ਦਿਸ਼ਾ ਤੋਂ ਆਸਾਨੀ ਨਾਲ ਸਮਾਂ ਦੇਖ ਸਕਣ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਤੈਅ ਸਮੇਂ ਵਿੱਚ ਪੂਰਾ ਕਰਨ ਲਈ ਨਗਰ ਨਿਗਮ ਵੱਲੋਂ ਯਤਨ ਕੀਤੇ ਜਾ ਰਹੇ ਹਨ। ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਦਿਆਂ ਕਰੀਬ 45 ਤੋਂ 50 ਦਿਨਾਂ ਦੇ ਅੰਦਰ ਕਲਾਕ ਟਾਵਰ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੇ ਮੁਕੰਮਲ ਹੋਣ ਨਾਲ ਫਾਇਰ ਬ੍ਰਿਗੇਡ ਦੇ ਆਸ-ਪਾਸ ਦੇ ਖੇਤਰ ਨੂੰ ਇੱਕ ਨਵੀਂ ਅਤੇ ਆਕਰਸ਼ਕ ਦਿੱਖ ਮਿਲੇਗੀ। ਬਾਕਸ ਸ਼ਹਿਰ ਦੇ ਵਿਕਾਸ ਤੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਮੇਅਰ ਮਹਿਤਾ ਨੇ ਕਿਹਾ ਕਿ ਬਠਿੰਡਾ ਨੂੰ ਆਧੁਨਿਕ, ਸੁੰਦਰ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ ਬਣਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਇਸ ਮੰਤਵ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਕਾਸ ਅਤੇ ਸੁੰਦਰੀਕਰਨ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਦੀ ਪਛਾਣ ਸਿਰਫ਼ ਉਸ ਦੇ ਬੁਨਿਆਦੀ ਢਾਂਚੇ ਨਾਲ ਹੀ ਨਹੀਂ, ਸਗੋਂ ਉਸ ਦੀ ਦਿੱਖ, ਸਾਫ਼-ਸਫ਼ਾਈ ਅਤੇ ਜਨਤਕ ਸਥਾਨਾਂ ਦੀ ਸੁੰਦਰਤਾ ਨਾਲ ਵੀ ਬਣਦੀ ਹੈ। ਇਸੇ ਸੋਚ ਤਹਿਤ ਕਲਾਕ ਟਾਵਰ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਵਿਕਾਸ ਦੀ ਰਫ਼ਤਾਰ ਤੇਜ਼ ਕਰਨ ਲਈ ਕੰਮ ਕਰ ਰਹੀ ਹੈ। ਨਗਰ ਨਿਗਮ ਬਠਿੰਡਾ ਵੀ ਇਸ ਦਿਸ਼ਾ ਵਿੱਚ ਆਪਣੀ ਭੂਮਿਕਾ ਨਿਭਾਉਂਦਿਆਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੁੰਦਰੀਕਰਨ ਦੇ ਪ੍ਰਾਜੈਕਟਾਂ ਨੂੰ ਤਰਜੀਹ ਦੇ ਰਿਹਾ ਹੈ। ਮੇਅਰ ਨੇ ਕਿਹਾ ਕਿ ਇਹ ਕਲਾਕ ਟਾਵਰ ਸਿਰਫ਼ ਸਮਾਂ ਦੱਸਣ ਵਾਲਾ ਢਾਂਚਾ ਨਹੀਂ ਹੋਵੇਗਾ, ਸਗੋਂ ਬਠਿੰਡਾ ਦੇ ਆਧੁਨਿਕ ਵਿਕਾਸ ਅਤੇ ਬਦਲ ਰਹੀ ਸ਼ਹਿਰੀ ਦਿੱਖ ਦਾ ਪ੍ਰਤੀਕ ਵੀ ਬਣੇਗਾ। ਇਸ ਦੇ ਨਿਰਮਾਣ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਣ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਇਹ ਸਥਾਨ ਲੋਕਾਂ ਲਈ ਇੱਕ ਨਵਾਂ ਆਕਰਸ਼ਣ ਬਣ ਸਕਦਾ ਹੈ।