ਨੈਸ਼ਨਲ ਅਬੈਕਸ ਮੁਕਾਬਲੇ ’ਚ ਬਠਿੰਡਾ ਦੇ ਵਿਦਿਆਰਥੀਆਂ ਨੇ ਜਿੱਤੇ 7 ਇਨਾਮ ਨੈਸ਼ਨਲ ਅਬੈਕਸ ਮੁਕਾਬਲੇ ’ਚ ਬਠਿੰਡਾ ਦੇ ਵਿਦਿਆਰਥੀਆਂ ਨੇ ਜਿੱਤੇ 7 ਇਨਾਮ
Publish Date: Thu, 05 Nov 2026 04:18 PM (IST)
Updated Date: Thu, 05 Nov 2026 04:20 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਨੈਸ਼ਨਲ ਅਬੈਕਸ ਮੁਕਾਬਲੇ ਵਿਚ ਬਠਿੰਡਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਇਨਾਮ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਚੈਂਪੀਅਨਜ਼ ਵਰਲਡ ਵੱਲੋਂ ਦੇਸ਼ ਦੇ ਚਾਰ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਗਏ ਇਸ ਕੌਮੀ ਪੱਧਰ ਦੇ ਮੁਕਾਬਲੇ ਵਿਚ 16,114 ਵਿਦਿਆਰਥੀਆਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਐੱਸਐੱਸਪੀ ਬਠਿੰਡਾ ਸੁਹੇਲ ਮੀਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਮੁਕਾਬਲੇ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਜੋੜ, ਘਟਾਓ, ਗੁਣਾ ਅਤੇ ਭਾਗ ਦੇ 100 ਸਵਾਲ ਹੱਲ ਕਰਨ ਲਈ 20 ਮਿੰਟ ਦਿੱਤੇ ਗਏ ਸਨ, ਪਰ ਜ਼ਿਆਦਾਤਰ ਵਿਦਿਆਰਥੀਆਂ ਨੇ ਇਹ ਸਵਾਲ ਮਹਿਜ਼ 7 ਤੋਂ 8 ਮਿੰਟਾਂ ਵਿਚ ਹੱਲ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਨੇ ਵੀ ਦੇਸ਼ ਭਰ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਮੁਕਾਬਲੇ ਵਿਚ ਸੇਂਟ ਜ਼ੇਵੀਅਰ ਸਕੂਲ ਬਠਿੰਡਾ ਦੇ ਮਹੀਰ ਗੋਇਲ ਨੇ ਪਹਿਲੀ ਟਰਮ ਦੀ ਬੀ ਕੈਟਾਗਰੀ ਵਿਚ ਪਹਿਲਾ ਇਨਾਮ ਜਿੱਤਿਆ। ਸੇਂਟ ਜ਼ੇਵੀਅਰ ਸਕੂਲ ਰਾਮਪੁਰਾ ਫੂਲ ਦੀ ਵਾਨਿਆ ਨੇ ਚੌਥੀ ਟਰਮ ਦੀ ਬੀ ਕੈਟਾਗਰੀ ਵਿਚ ਪਹਿਲਾ ਅਤੇ ਰਿਸ਼ਿਤਾ ਨੇ ਸੀ ਕੈਟਾਗਰੀ ਵਿਚ ਦੂਜਾ ਇਨਾਮ ਪ੍ਰਾਪਤ ਕੀਤਾ। ਸੀਐੱਮਐੱਸ ਗੁਰੂ ਕਾਸ਼ੀ ਸਕੂਲ ਭਗਤਾ ਭਾਈਕਾ ਦੇ ਵੰਸ਼ ਅਰੋੜਾ ਨੇ ਪੰਜਵੀਂ ਟਰਮ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਿਲਵਰ ਓਕਸ ਗਲੋਬਲ ਸਕੂਲ ਬਠਿੰਡਾ ਦੇ ਏਕਮਵੀਰ ਸਿੰਘ ਨੇ ਛੇਵੀਂ ਟਰਮ ਵਿੱਚ ਦੂਜਾ, ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਦੇ ਮੇਹਰਜੋਤ ਸਿੰਘ ਨੇ ਸੱਤਵੀਂ ਟਰਮ ਵਿਚ ਪਹਿਲਾ ਅਤੇ ਲਾਰਡ ਰਾਮਾ ਪਬਲਿਕ ਸਕੂਲ ਬਠਿੰਡਾ ਦੇ ਕਾਰਤਿਕ ਗਰਗ ਨੇ ਅੱਠਵੀਂ ਟਰਮ ਵਿਚ ਦੂਜਾ ਇਨਾਮ ਜਿੱਤਿਆ। ਐੱਸਐੱਸਪੀ ਸੁਹੇਲ ਮੀਰ ਨੇ ਆਪਣੇ ਦਫ਼ਤਰ ਵਿਖੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਅਬੈਕਸ ਸਿੱਖਿਆ ਬੱਚਿਆਂ ਦੀ ਇਕਾਗਰਤਾ, ਯਾਦਦਾਸ਼ਤ ਅਤੇ ਗਣਨਾ ਦੀ ਸਮਰੱਥਾ ਨੂੰ ਵਧਾਉਣ ਵਿਚ ਸਹਾਈ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਸੰਸਥਾ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਪੂਜਾ ਗੋਇਲ, ਨੀਲਮ ਗਰਗ, ਰੇਖਾ ਸਿੰਘ, ਵਨੀਤਾ ਗਰਗ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।