ਵਿਸ਼ਵ ਅਬੈਕਸ ਓਲੰਪੀਆਡ ’ਚ ਬਠਿੰਡਾ ਬਣਿਆ ਨੰਬਰ ਇਕ ਵਿਸ਼ਵ ਅਬੈਕਸ ਓਲੰਪਿਆਡ ਵਿਚ ਬਠਿੰਡਾ ਬਣਿਆ ਨੰਬਰ ਇਕ
Publish Date: Tue, 28 Jul 2026 05:35 PM (IST)
Updated Date: Tue, 28 Jul 2026 05:37 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਬਠਿੰਡਾ ਜ਼ਿਲ੍ਹੇ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਅਬੈਕਸ ਓਲੰਪਿਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੀ ਦੁਨੀਆ ਵਿਚ ਪੰਜਾਬ ਦਾ ਮਾਣ ਵਧਾਇਆ ਹੈ। ਚੈਂਪੀਅਨਜ਼ ਵਰਲਡ, ਚੰਡੀਗੜ੍ਹ ਵੱਲੋਂ ਕਰਵਾਏ ਗਏ ਇਸ ਵਿਸ਼ਵ ਪੱਧਰੀ ਮੁਕਾਬਲੇ ਵਿਚ ਬਠਿੰਡਾ ਜ਼ਿਲ੍ਹੇ ਨੇ ਸਭ ਤੋਂ ਵੱਧ 8 ਅੰਤਰਰਾਸ਼ਟਰੀ ਇਨਾਮ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਓਲੰਪੀਆਡ ਵਿਚ ਭਾਰਤ ਤੋਂ ਇਲਾਵਾ ਜਰਮਨੀ, ਫਿਨਲੈਂਡ, ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਦੁਬਈ ਸਮੇਤ ਕਈ ਦੇਸ਼ਾਂ ਦੇ 11 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਕੁੱਲ 35 ਅੰਤਰਰਾਸ਼ਟਰੀ ਇਨਾਮਾਂ ਵਿਚੋਂ 8 ਇਨਾਮ ਇਕੱਲੇ ਬਠਿੰਡਾ ਜ਼ਿਲ੍ਹੇ ਦੀ ਝੋਲੀ ਵਿਚ ਪੈਣਾ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ। ਇਨ੍ਹਾਂ ਵਿਚ 4 ਪਹਿਲੇ, 2 ਦੂਜੇ ਅਤੇ 2 ਤੀਜੇ ਸਥਾਨ ਸ਼ਾਮਲ ਹਨ। ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਜੇਤੂਆਂ ਵਿਚ ਰਾਮਪੁਰਾ ਫੂਲ ਦੇ 5, ਬਠਿੰਡਾ ਦੇ 2 ਅਤੇ ਭੁੱਚੋ ਮੰਡੀ ਦਾ ਇਕ ਵਿਦਿਆਰਥੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਲਗਾਤਾਰ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਨਿਯਮਤ ਅਭਿਆਸ ਨੇ ਇਹ ਇਤਿਹਾਸਕ ਸਫ਼ਲਤਾ ਸੰਭਵ ਬਣਾਈ ਹੈ। ਮੁਕਾਬਲੇ ਵਿਚ ਪਹਿਲੀ ਟਰਮ ਦੀ ਵਿਸ਼ੇਸ਼ ਕੈਟਾਗਰੀ ’ਚ ਵਰੋਨਿਕਾ ਖਟਕਰ ਨੇ ਪਹਿਲਾ ਸਥਾਨ ਹਾਸਲ ਕੀਤਾ। ਤੀਜੀ ਟਰਮ ਵਿਚ ਤਨਵੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪੰਜਵੀਂ ਟਰਮ ਵਿਚ ਉਜਵਲ ਗਰਗ ਨੇ ਪਹਿਲਾ ਅਤੇ ਇਬਾਦਤ ਕੌਰ ਸਿੱਧੂ ਨੇ ਦੂਜਾ ਸਥਾਨ ਹਾਸਲ ਕੀਤਾ। ਛੇਵੀਂ ਟਰਮ ਵਿਚ ਜਤਿਨ ਗੋਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸੱਤਵੀਂ ਟਰਮ ਵਿਚ ਹੇਜ਼ਲ ਗਰਗ ਨੇ ਤੀਜਾ ਸਥਾਨ ਹਾਸਲ ਕੀਤਾ। ਅੱਠਵੀਂ ਟਰਮ ’ਚ ਇਸ਼ਾਨ ਤਾਇਲ ਨੇ ਪਹਿਲਾ ਅਤੇ ਸਨਾ ਗਰੋਵਰ ਨੇ ਤੀਜਾ ਸਥਾਨ ਜਿੱਤ ਕੇ ਬਠਿੰਡਾ ਦੀ ਝੋਲੀ ਵਿਚ ਇਕ ਹੋਰ ਵੱਡੀ ਸਫ਼ਲਤਾ ਪਾਈ। ਜੇਤੂ ਵਿਦਿਆਰਥੀਆਂ ਨੂੰ ਜ਼ੋਨਲ ਸੀਆਈਡੀ ਵਿੰਗ ਬਠਿੰਡਾ ਦੀ ਏਆਈਜੀ ਅਵਨੀਤ ਕੌਰ ਸਿੱਧੂ ਨੇ ਆਪਣੇ ਦਫ਼ਤਰ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ। ਉਨ੍ਹਾਂ ਸੰਸਥਾ ਵੱਲੋਂ ਐਲਾਨੇ ਨਕਦ ਇਨਾਮਾਂ ਦੇ ਨਾਲ ਟਰਾਫੀਆਂ ਵੀ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਅਬੈਕਸ ਸਿਰਫ਼ ਗਣਿਤ ਸਿੱਖਣ ਦਾ ਸਾਧਨ ਨਹੀਂ, ਸਗੋਂ ਬੱਚਿਆਂ ਦੀ ਯਾਦਦਾਸ਼ਤ, ਇਕਾਗਰਤਾ, ਤਰਕਸ਼ੀਲ ਸੋਚ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਵਿਕਸਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ 4 ਪਹਿਲੇ ਸਥਾਨਾਂ ਸਮੇਤ 8 ਅੰਤਰਰਾਸ਼ਟਰੀ ਇਨਾਮ ਜਿੱਤਣਾ ਬਠਿੰਡਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਤੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵਿਦਿਆਰਥੀ ਲਗਾਤਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਵੀਆਂ ਉਚਾਈਆਂ ਹਾਸਲ ਕਰ ਰਹੇ ਹਨ। ਸਮਾਗਮ ’ਚ ਪੂਜਾ ਗੋਇਲ, ਨੀਲਮ ਗਰਗ, ਵਨੀਤਾ ਗਰਗ, ਰੇਖਾ ਸਿੰਘ ਅਤੇ ਜੇਤੂ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।