ਬਠਿੰਡਾ ਪੁਲਿਸ ਨੇ ਦੋ ਮੋਟਰਸਾਈਕਲ ਤੇ ਚੋਰੀ ਹੋਇਆ ਸਾਈਕਲ ਲੱਭ ਕੇ ਮਾਲਕਾਂ ਨੂੰ ਸੌਂਪੇ ਬਠਿੰਡਾ ਪੁਲਿਸ ਨੇ ਦੋ ਮੋਟਰਸਾਈਕਲ ਤੇ ਚੋਰੀ ਹੋਇਆ ਸਾਈਕਲ ਲੱਭ ਕੇ ਮਾਲਕਾਂ ਨੂੰ ਸੌਂਪੇ
Publish Date: Mon, 16 Nov 2026 03:55 PM (IST)
Updated Date: Mon, 16 Nov 2026 03:57 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਵੀ ਪੁਲਿਸ ਦੀ ਜ਼ਿੰਮੇਵਾਰੀ ਹੈ। ਇਸ ਦੀ ਮਿਸਾਲ ਬਠਿੰਡਾ ਪੁਲਿਸ ਦੀਆਂ ਪੀਸੀਆਰ ਟੀਮਾਂ ਨੇ ਉਸ ਸਮੇਂ ਪੇਸ਼ ਕੀਤੀ, ਜਦੋਂ ਵੱਖ-ਵੱਖ ਕਾਰਵਾਈਆਂ ਦੌਰਾਨ ਦੋ ਮੋਟਰਸਾਈਕਲ ਅਤੇ ਇੱਕ ਚੋਰੀ ਹੋਇਆ ਸਾਈਕਲ ਲੱਭ ਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ। ਪੁਲਿਸ ਦੀ ਇਸ ਮੁਸਤੈਦੀ ਨਾਲ ਤਿੰਨ ਵਿਅਕਤੀਆਂ ਨੂੰ ਵੱਡੀ ਰਾਹਤ ਮਿਲੀ ਤੇ ਉਨ੍ਹਾਂ ਦੇ ਚਿਹਰਿਆਂ ਤੇ ਮੁੜ ਮੁਸਕਾਨ ਪਰਤ ਆਈ। ਜਾਣਕਾਰੀ ਅਨੁਸਾਰ 14 ਨਵੰਬਰ 2026 ਨੂੰ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੋਪਾਲ ਨਗਰ, ਗਲੀ ਨੰਬਰ 5 ਨੇ ਪੁਲਿਸ ਹੈਲਪਲਾਈਨ 112 ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਅਜੀਤ ਰੋਡ ਤੋਂ ਚੋਰੀ ਹੋ ਗਿਆ ਹੈ। ਸੂਚਨਾ ਮਿਲਦਿਆਂ ਹੀ ਪੀਸੀਆਰ ਦੇ ਏਐਸਆਈ ਸੰਜੀਵ ਕੁਮਾਰ, ਸੀਨੀਅਰ ਸਿਪਾਹੀ ਕੇਵਲ ਸਿੰਘ ਨੰਬਰ 1956 ਅਤੇ ਸਿਪਾਹੀ ਦਿਲਦੀਪ ਸਿੰਘ ਨੰਬਰ 1827 ਦੀ ਪੀਸੀਆਰ ਟੀਮ ਹਰਕਤ ਵਿੱਚ ਆ ਗਈ। ਪੁਲਿਸ ਮੁਲਾਜ਼ਮਾਂ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਅਤੇ ਲਗਾਤਾਰ ਯਤਨਾਂ ਸਦਕਾ ਮੋਟਰਸਾਈਕਲ ਲੱਭ ਕੇ ਰਣਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਇਸੇ ਦਿਨ ਹਰਪ੍ਰੀਤ ਸਿੰਘ ਵੱਲੋਂ ਵੀ 112 ਤੇ ਆਪਣਾ ਮੋਟਰਸਾਈਕਲ ਗੁੰਮ ਹੋਣ ਦੀ ਸੂਚਨਾ ਦਿੱਤੀ ਗਈ। ਇਸ ਤੇ ਉਕਤ ਪੀਸੀਆਰ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੋਟਰਸਾਈਕਲ ਕਿਲ੍ਹਾ ਮੁਬਾਰਕ ਸਾਹਿਬ ਦੀ ਪਾਰਕਿੰਗ ਵਿੱਚ ਖੜ੍ਹਾ ਹੈ। ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਬਰਾਮਦ ਕੀਤਾ ਅਤੇ ਉਸ ਦੇ ਮਾਲਕ ਹਰਪ੍ਰੀਤ ਸਿੰਘ ਨੂੰ ਵਾਪਸ ਸੌਂਪ ਦਿੱਤਾ। ਬਾਕਸ ਗਸ਼ਤ ਦੌਰਾਨ ਮਿਲੇ ਲਾਵਾਰਸ ਸਾਈਕਲ ਦੀ ਵੀ ਕਰਵਾਈ ਸ਼ਨਾਖਤ ਇੱਕ ਹੋਰ ਕਾਰਵਾਈ ਦੌਰਾਨ ਸੀਨੀਅਰ ਸਿਪਾਹੀ ਗੁਰਤੇਜ ਸਿੰਘ ਨੰਬਰ 2023, ਸਿਪਾਹੀ ਮੰਗਾ ਰਾਮ ਨੰਬਰ 959 ਅਤੇ ਮਹਿਲਾ ਸੀਨੀਅਰ ਸਿਪਾਹੀ ਹਰਪਾਲ ਕੌਰ ਨੰਬਰ 66 ਦੀ ਪੀਸੀਆਰ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪ੍ਰਤਾਪ ਨਗਰ ਸਥਿਤ ਵਿਸ਼ਵਕਰਮਾ ਮੰਦਰ ਨੇੜੇ ਗੁਰਮੀਤ ਸਿੰਘ ਪੁੱਤਰ ਬਹਾਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਲਾਟ ਵਿੱਚ ਇੱਕ ਲਾਵਾਰਸ ਸਾਈਕਲ ਖੜ੍ਹਾ ਹੈ। ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸਾਈਕਲ ਬਲਤੇਜ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਗਲੀ ਨੰਬਰ 5/ਏ, ਹੰਸ ਨਗਰ ਦਾ ਹੈ, ਜੋ 2 ਨਵੰਬਰ ਨੂੰ ਚੋਰੀ ਹੋਇਆ ਸੀ। ਪੁਲਿਸ ਨੇ ਮਾਲਕ ਨੂੰ ਬੁਲਾ ਕੇ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ ਸਾਈਕਲ ਉਸ ਦੇ ਹਵਾਲੇ ਕਰ ਦਿੱਤਾ। ਐੱਸਐੱਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਆਈਪੀਐੱਸ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।