ਸਾਈਬਰ ਠੱਗਾਂ ਤੋਂ ਪੀੜਤ 9 ਵਿਅਕਤੀਆਂ ਦੇ 20.27 ਲੱਖ ਰੁਪਏ ਬਠਿੰਡਾ ਪੁਲਿਸ ਨੇ ਵਾਪਸ ਕਰਵਾਏ ਸਾਈਬਰ ਠੱਗਾਂ ਤੋਂ ਪੀੜਤ 9 ਵਿਅਕਤੀਆਂ ਦੇ 20.27 ਲੱਖ ਰੁਪਏ ਬਠਿੰਡਾ ਪੁਲਿਸ ਨੇ ਵਾਪਸ ਕਰਵਾਏ
Publish Date: Thu, 26 Nov 2026 04:24 PM (IST)
Updated Date: Thu, 26 Nov 2026 04:25 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਾਈਬਰ ਠੱਗਾਂ ਵੱਲੋਂ ਲੋਕਾਂ ਦੀ ਮਿਹਨਤ ਦੀ ਕਮਾਈ ਹੜੱਪਣ ਦੇ ਵੱਖ-ਵੱਖ ਮਾਮਲਿਆਂ ਵਿਚ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਨੌਂ ਪੀੜਤਾਂ ਦੇ ਕੁੱਲ 20 ਲੱਖ 27 ਹਜ਼ਾਰ 460 ਰੁਪਏ ਵਾਪਸ ਕਰਵਾਏ ਹਨ। ਇਹ ਰਕਮ ਆਨਲਾਈਨ ਨਿਵੇਸ਼, ਹਵਾਈ ਟਿਕਟਾਂ ਦੀ ਬੁਕਿੰਗ ਤੇ ਯੂਪੀਆਈ ਟਰਾਂਜੈਕਸ਼ਨਾਂ ਰਾਹੀਂ ਕੀਤੀ ਗਈ ਧੋਖਾਧੜੀ ਦੇ ਮਾਮਲਿਆਂ ਵਿਚ ਵਾਪਸ ਕਰਵਾਈ ਗਈ ਹੈ। ਇਸ ਕਾਰਵਾਈ ਨਾਲ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇਹ ਸਫਲਤਾ ਐੱਸਐੱਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਵੱਲੋਂ ਕੀਤੇ ਗਏ ਯਤਨਾਂ ਸਦਕਾ ਹਾਸਲ ਹੋਈ ਹੈ। ਪੁਲਿਸ ਵੱਲੋਂ ਪੀੜਤਾਂ ਦੀਆਂ ਸ਼ਿਕਾਇਤਾਂ ’ਤੇ ਤਕਨੀਕੀ ਜਾਂਚ ਅਤੇ ਲਗਾਤਾਰ ਕਾਰਵਾਈ ਕਰਦਿਆਂ ਧੋਖਾਧੜੀ ਦੀ ਰਕਮ ਵਾਪਸ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਵਾਸੀ ਬਠਿੰਡਾ ਦੇ ਯੂਪੀਆਈ ਟਰਾਂਜੈਕਸ਼ਨ ਰਾਹੀਂ ਹੋਏ ਸਾਈਬਰ ਫਰਾਡ ਦੇ ਮਾਮਲੇ ਵਿੱਚ 35 ਹਜ਼ਾਰ ਰੁਪਏ ਵਾਪਸ ਕਰਵਾਏ ਗਏ ਹਨ। ਇਸੇ ਤਰ੍ਹਾਂ ਸਰਜੀਤ ਸਿੰਘ ਵਾਸੀ ਬਠਿੰਡਾ ਨਾਲ ਆਨਲਾਈਨ ਹਵਾਈ ਟਿਕਟਾਂ ਬੁੱਕ ਕਰਵਾਉਣ ਦੇ ਨਾਂ ’ਤੇ ਹੋਈ 1 ਲੱਖ 89 ਹਜ਼ਾਰ 500 ਰੁਪਏ ਦੀ ਧੋਖਾਧੜੀ ਦੀ ਰਕਮ ਵਾਪਸ ਦਿਵਾਈ ਗਈ। ਸ਼ਮਨਦੀਪ ਸਿੰਘ ਵਾਸੀ ਫੇਜ਼-3 ਮਾਡਲ ਟਾਊਨ ਬਠਿੰਡਾ ਨੂੰ ਯੂਪੀਆਈ ਧੋਖਾਧੜੀ ਦੇ ਮਾਮਲੇ ਵਿੱਚ 50 ਹਜ਼ਾਰ ਰੁਪਏ ਵਾਪਸ ਕਰਵਾਏ ਗਏ। ਇਸ ਤੋਂ ਇਲਾਵਾ ਹਰੀਕ੍ਰਿਸ਼ਨ ਵਾਸੀ ਬਠਿੰਡਾ ਨਾਲ ਆਨਲਾਈਨ ਐਪ ਰਾਹੀਂ ਨਿਵੇਸ਼ ਕਰਵਾਉਣ ਦੇ ਨਾਂ ’ਤੇ 12 ਲੱਖ 10 ਹਜ਼ਾਰ ਰੁਪਏ ਦੀ ਠੱਗੀ ਹੋਈ ਸੀ, ਜਿਸ ਦੀ ਰਕਮ ਪੁਲਿਸ ਨੇ ਵਾਪਸ ਕਰਵਾਈ। ਨਾਨਕਪ੍ਰੀਤ ਸਿੰਘ ਵਾਸੀ ਪਿੰਡ ਜਿਉਂਦ ਨੂੰ 3 ਲੱਖ 21 ਹਜ਼ਾਰ ਰੁਪਏ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਨਰੂਆਣਾ ਨੂੰ 1 ਲੱਖ ਰੁਪਏ ਵਾਪਸ ਕਰਵਾਏ ਗਏ। ਦੋਵਾਂ ਨਾਲ ਯੂਪੀਆਈ ਟਰਾਂਜੈਕਸ਼ਨਾਂ ਰਾਹੀਂ ਧੋਖਾਧੜੀ ਹੋਈ ਸੀ। ਇਸੇ ਤਰ੍ਹਾਂ ਜੋਰਾਵਰ ਸਿੰਘ ਵਾਸੀ ਗ੍ਰੀਨ ਐਵੇਨਿਊ, ਭਾਰਤ ਨਗਰ ਬਠਿੰਡਾ ਅਤੇ ਸੁਖਵੀਰ ਕੌਰ ਵਾਸੀ ਭਗਵਤੀ ਕਲੋਨੀ, ਮੁਲਤਾਨੀਆ ਰੋਡ ਬਠਿੰਡਾ ਨੂੰ 45-45 ਹਜ਼ਾਰ ਰੁਪਏ ਵਾਪਸ ਕਰਵਾਏ ਗਏ। ਅਮਨਦੀਪ ਕੌਰ ਵਾਸੀ ਗੋਨਿਆਣਾ ਮੰਡੀ ਦੇ ਯੂਪੀਆਈ ਧੋਖਾਧੜੀ ਦੇ ਮਾਮਲੇ ਵਿੱਚ 31 ਹਜ਼ਾਰ 960 ਰੁਪਏ ਦੀ ਰਕਮ ਵਾਪਸ ਕਰਵਾਈ ਗਈ।