ਯੁੱਧ ਨਸ਼ਿਆਂ ਵਿਰੁੱਧ: ਬਠਿੰਡਾ ਪੁਲਿਸ ਵੱਲੋਂ ਸਰਚ ਅਭਿਆਨ, 14 ਸ਼ੱਕੀ ਵਿਅਕਤੀ ਹਿਰਾਸਤ ’ਚ ਲਏ, 5 ਸ਼ੱਕੀ ਮੋਟਰਸਾਈਕਲ ਕੀਤੇ ਜ਼ਬਤ ਬਠਿੰਡਾ ਪੁਲਿਸ ਵੱਲੋਂ ਸਰਚ ਅਭਿਆਨ, 14 ਸ਼ੱਕੀ ਵਿਅਕਤੀ ਹਿਰਾਸਤ ’ਚ ਲਏ
Publish Date: Tue, 15 Sep 2026 04:19 PM (IST)
Updated Date: Tue, 15 Sep 2026 04:20 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਬਠਿੰਡਾ ਪੁਲਿਸ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਬ-ਡਵੀਜ਼ਨ ਭੁੱਚੋ ਅਧੀਨ ਥਾਣਾ ਨੇਹੀਆਂਵਾਲਾ ਦੇ ਇਲਾਕੇ ਵਿਚ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ। ਇਹ ਸਰਚ ਅਭਿਆਨ ਸੁਹੇਲ ਕਾਸਿਮ ਮੀਰ, ਆਈਪੀਐੱਸ, ਐੱਸਐੱਸਪੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਅਭਿਆਨ ਦੀ ਅਗਵਾਈ ਐੱਸਪੀ ਇਨਵੈਸਟੀਗੇਸ਼ਨ ਬਠਿੰਡਾ ਮਨੋਜ ਗੋਰਸੀ ਵੱਲੋਂ ਕੀਤੀ ਗਈ। ਇਸ ਦੌਰਾਨ ਡੀਐੱਸਪੀ ਭੁੱਚੋ ਪ੍ਰਿਤਪਾਲ ਸਿੰਘ ਤੇ ਡੀਐੱਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਸਿੰਘ ਸੰਧਾਵਾਲੀਆ ਵੀ ਮੌਜੂਦ ਰਹੇ। ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰਕੇ ਪੂਰੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਸਰਚ ਅਭਿਆਨ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ ਵੱਲੋਂ ਸਬੰਧਤ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਤੇ ਆਉਣ-ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਕੇ ਸਖ਼ਤ ਨਿਗਰਾਨੀ ਰੱਖੀ ਗਈ। ਇਸ ਤੋਂ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ੱਕੀ ਥਾਵਾਂ ਅਤੇ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕਰਨ ਦੇ ਨਾਲ-ਨਾਲ ਵਾਹਨਾਂ ਦੀ ਵੀ ਜਾਂਚ ਕੀਤੀ ਗਈ। ਪੁਲਿਸ ਅਨੁਸਾਰ ਸਰਚ ਅਭਿਆਨ ਦੌਰਾਨ 14 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ 5 ਸ਼ੱਕੀ ਮੋਟਰਸਾਈਕਲ ਵੀ ਫੜ੍ਹੇ ਗਏ ਹਨ। ਅਭਿਆਨ ਦੌਰਾਨ ਕਰੀਬ 225 ਪੁਲਿਸ ਮੁਲਾਜ਼ਮ ਤਾਇਨਾਤ ਰਹੇ ਤੇ ਵੱਖ ਵੱਖ ਟੀਮ ਬਣਾ ਕੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਕਾਰਵਾਈ ਵਿੱਚ ਥਾਣਾ ਨੇਹੀਆਂਵਾਲਾ ਦੀ ਪੁਲਿਸ ਤੋਂ ਇਲਾਵਾ ਸੀਆਈਏ ਸਟਾਫ ਦੀਆਂ ਟੀਮਾਂ ਤੇ ਵੱਖ-ਵੱਖ ਪੁਲਿਸ ਚੌਕੀਆਂ ਦੇ ਇੰਚਾਰਜ ਵੀ ਸ਼ਾਮਲ ਰਹੇ। ਇਸ ਮੌਕੇ ਐੱਸਪੀ ਇਨਵੈਸਟੀਗੇਸ਼ਨ ਮਨੋਜ ਗੋਰਸੀ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਸਰਚ ਅਭਿਆਨ ਚਲਾ ਕੇ ਨਸ਼ਿਆਂ ਦੇ ਕਾਰੋਬਾਰ ਅਤੇ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਵਿਚ ਕੋਈ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਜਾਂ ਨਸ਼ਾ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਨਸ਼ਾ ਛੱਡ ਦੇਵੇ ਜਾਂ ਇਲਾਕਾ ਛੱਡ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਬਠਿੰਡਾ ਪੁਲਿਸ ਦੀ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗੀ। ਐੱਸਪੀ ਇਨਵੈਸਟੀਗੇਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਅਲਾਮਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਇਲਾਕੇ ਵਿੱਚ ਕਿਸੇ ਵੱਲੋਂ ਨਸ਼ਾ ਵੇਚਣ ਜਾਂ ਨਸ਼ਿਆਂ ਸਬੰਧੀ ਕਿਸੇ ਹੋਰ ਗਤੀਵਿਧੀ ਦੀ ਜਾਣਕਾਰੀ ਮਿਲਦੀ ਹੈ ਤਾਂ ਇਸ ਦੀ ਸੂਚਨਾ ਐਂਟੀ-ਡਰੱਗ ਹੈਲਪਲਾਈਨ ਨੰਬਰ 9779100200 ’ਤੇ ਦਿੱਤੀ ਜਾ ਸਕਦੀ ਹੈ।