ਬਠਿੰਡਾ ਪੁਲਿਸ ਨੇ 508 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ ਬਠਿੰਡਾ ਪੁਲਿਸ ਨੇ 508 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Publish Date: Sat, 10 Oct 2026 06:34 PM (IST)
Updated Date: Sat, 10 Oct 2026 06:35 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬਠਿੰਡਾ ਪੁਲਿਸ ਦੀ ਸੀਆਈਏ-1 ਟੀਮ ਨੇ ਦੋ ਵਿਅਕਤੀਆਂ ਨੂੰ 508 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ 9 ਅਕਤੂਬਰ ਨੂੰ ਨਵਾਂ ਪਿੰਡ ਦੇ ਬੱਸ ਅੱਡੇ ਨੇੜੇ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਕੀਤੀ ਗਈ। ਪੁਲਿਸ ਦੇ ਪ੍ਰੈੱਸ ਨੋਟ ਅਨੁਸਾਰ, ਬਠਿੰਡਾ ਪੁਲਿਸ ਦੀ ਸੀਆਈਏ-1 ਟੀਮ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਾਤ ਵਿੱਚ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 508 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪ੍ਰਤਾਪ ਸਿੰਘ ਪੁੱਤਰ ਸੂਬਾ ਸਿੰਘ, ਵਾਸੀ ਜੰਬਰ ਬਸਤੀ, ਪਿੰਡ ਜਗਾ ਰਾਮ ਤੀਰਥ, ਜ਼ਿਲ੍ਹਾ ਬਠਿੰਡਾ ਅਤੇ ਰਾਜਨ ਸਿੰਘ ਪੁੱਤਰ ਬਗੀਚਾ ਸਿੰਘ, ਵਾਸੀ ਬਾਬਾ ਜੀਵਨ ਸਿੰਘ ਬਸਤੀ, ਪੱਟੀ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪ੍ਰਤਾਪ ਸਿੰਘ ਦੀ ਉਮਰ ਕਰੀਬ 29 ਸਾਲ ਹੈ ਅਤੇ ਉਹ ਏਸੀ ਸਰਵਿਸ ਦਾ ਕੰਮ ਕਰਦਾ ਹੈ, ਜਦਕਿ 26 ਸਾਲਾ ਰਾਜਨ ਸਿੰਘ ਪੱਟੀ ਸ਼ਹਿਰ ਵਿੱਚ ਇੱਕ ਆੜ੍ਹਤੀ ਕੋਲ ਕੰਮ ਕਰਦਾ ਹੈ। ਪੁਲਿਸ ਦੇ ਪ੍ਰੈੱਸ ਨੋਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਲਈ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾਣੀ ਸੀ, ਤਾਂ ਜੋ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਇਹ ਕਾਰਵਾਈ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦੇ ਮਾਰਗਦਰਸ਼ਨ ਅਤੇ ਐੱਸਐੱਸਪੀ ਬਠਿੰਡਾ ਸੁਹੇਲ ਕਾਸਿਮ ਮੀਰ ਦੀ ਰਹਿਨੁਮਾਈ ਹੇਠ ਕੀਤੀ ਗਈ। ਐੱਸਪੀ (ਡਿਟੈਕਟਿਵ) ਮਨੋਜ ਗੋਰਸੀ ਦੀ ਨਿਗਰਾਨੀ ਅਤੇ ਡੀਐੱਸਪੀ (ਡਿਟੈਕਟਿਵ) ਸੰਦੀਪ ਭਾਟੀ ਦੀ ਅਗਵਾਈ ਹੇਠ ਸੀਆਈਏ-1 ਦੀ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।