- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਟਫੱਤਾ ਡਰੇਨ ਨੇੜੇ ਇੱਕ ਥਾਰ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਅਮਰ ਰਾਮ ਦੀ ਮੌਤ ਹੋ ਗਈ, ਜਦਕਿ ਉਸ ਦਾ ਭਤੀਜਾ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ।

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟ ਫੱਤਾ : ਕੋਟਫੱਤਾ ਡਰੇਨ ਨੇੜੇ ਇੱਕ ਥਾਰ ਗੱਡੀ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਚਾਲਕ ਅਮਰ ਰਾਮ ਦੀ ਮੌਤ ਹੋ ਗਈ, ਜਦਕਿ ਉਸ ਦਾ ਭਤੀਜਾ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਥਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਹੋਣ ਦੇ ਬਾਵਜੂਦ ਗੱਡੀ ਨੂੰ ਕਬਜ਼ੇ ਵਿੱਚ ਨਾ ਲੈਣ ਅਤੇ ਚਾਲਕ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਮੌੜ ਮੰਡੀ ਦੇ ਵਸਨੀਕ ਥਾਣਾ ਕੋਟਫੱਤਾ ਵਿਖੇ ਇਕੱਠੇ ਹੋ ਗਏ।ਥਾਣਾ ਕੋਟਫੱਤਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪਿੰਕਾ ਰਾਮ ਪੁੱਤਰ ਬਾਬੂ ਲਾਲ ਵਾਸੀ ਮੌੜ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਅਮਰ ਰਾਮ ਅਤੇ ਭਤੀਜਾ ਰੋਹਿਤ ਕੁਮਾਰ ਬੀਤੀ ਸ਼ਾਮ ਬਠਿੰਡਾ ਤੋਂ ਪੇਂਟਰ ਦਾ ਕੰਮ ਕਰਕੇ ਆਪਣੇ ਮੋਟਰਸਾਈਕਲ ਨੰਬਰ ਪੀਬੀ 31 ਐਕਸ 6925 'ਤੇ ਵਾਪਸ ਮੌੜ ਮੰਡੀ ਜਾ ਰਹੇ ਸਨ। ਜਦੋਂ ਉਹ ਕੋਟਫੱਤਾ ਡਰੇਨ ਨੇੜੇ ਪੰਪ ਦੇ ਸਾਹਮਣੇ ਪਹੁੰਚੇ ਤਾਂ ਇੱਕ ਥਾਰ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਅਮਰ ਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਰੋਹਿਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਏਮਜ਼ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ ਹੈ।ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਪਿੰਕਾ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਥਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।
ਬਾਅਦ ਵਿੱਚ ਪੁਲਿਸ ਨੇ ਥਾਰ ਗੱਡੀ ਦੀ ਪਛਾਣ ਕਰ ਲਈ, ਜੋ ਪਿੰਡ ਘਸੋਖਾਨਾ ਦੀ ਦੱਸੀ ਜਾ ਰਹੀ ਹੈ। ਪਰ ਗੱਡੀ ਨੂੰ ਕਬਜ਼ੇ ਵਿੱਚ ਨਾ ਲੈਣ ਅਤੇ ਚਾਲਕ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਮੌੜ ਮੰਡੀ ਦੇ ਵਸਨੀਕ ਥਾਣਾ ਕੋਟਫੱਤਾ ਵਿਖੇ ਪਹੁੰਚ ਗਏ ਅਤੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ।ਇਸ ਸਬੰਧੀ ਥਾਣਾ ਮੁਖੀ ਹਰਬੰਸ ਸਿੰਘ ਮਾਨ ਨੇ ਕਿਹਾ ਕਿ ਥਾਰ ਗੱਡੀ ਚੱਲਣ ਦੀ ਹਾਲਤ ਵਿੱਚ ਨਾ ਹੋਣ ਕਾਰਨ ਸਵੇਰੇ ਟੋਅ ਵੈਨ ਮੰਗਵਾ ਕੇ ਇਸ ਨੂੰ ਥਾਣੇ ਲਿਆਂਦਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਇੱਕ-ਦੋ ਦਿਨਾਂ ਵਿੱਚ ਥਾਰ ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।