
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ਵਿੱਚ ਨਸ਼ਾ ਤਸਕਰ ਪੁਲਿਸ ਦੀ ਨਿਗਰਾਨੀ ਤੋਂ ਬਚਣ ਲਈ ਸਪਲਾਈ ਦੇ ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਪਾਬੰਦੀਸ਼ੁਦਾ ਅਤੇ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਲਈ ਕੋਰੀਅਰ ਸੇਵਾ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ ਵਿੱਚ ਨਸ਼ਾ ਤਸਕਰ ਪੁਲਿਸ ਦੀ ਨਿਗਰਾਨੀ ਤੋਂ ਬਚਣ ਲਈ ਸਪਲਾਈ ਦੇ ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਪਾਬੰਦੀਸ਼ੁਦਾ ਅਤੇ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਲਈ ਕੋਰੀਅਰ ਸੇਵਾ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਵਿੱਚ ਪਤੀ-ਪਤਨੀ ਨੂੰ 3.10 ਲੱਖ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤੇ ਜਾਣ ਮਗਰੋਂ ਮੁੱਢਲੀ ਪੁੱਛਗਿੱਛ ਵਿੱਚ ਕਥਿਤ ਤੌਰ ’ਤੇ ਇਨ੍ਹਾਂ ਕੈਪਸੂਲਾਂ ਨੂੰ ਕੋਰੀਅਰ ਰਾਹੀਂ ਮੰਗਵਾਉਣ ਦੀ ਗੱਲ ਸਾਹਮਣੇ ਆਈ ਹੈ। ਇਸ ਖੁਲਾਸੇ ਮਗਰੋਂ ਪੁਲਿਸ ਅਤੇ ਖੁਫੀਆ ਏਜੰਸੀਆਂ ਕੋਰੀਅਰ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਦੇ ਪੱਖ ਦੀ ਵੀ ਜਾਂਚ ਕਰ ਰਹੀਆਂ ਹਨ।
ਪੁਲਿਸ ਮੁਤਾਬਕ ਸੰਗਰੂਰ ਨਾਲ ਸਬੰਧਤ ਸਤਨਾਮ ਸਿੰਘ ਆਪਣੀ ਪਤਨੀ ਸਮੇਤ ਬਠਿੰਡਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਦੋਵਾਂ ਨੂੰ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ ’ਤੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੈਪਸੂਲਾਂ ਦੀ ਖੇਪ ਕਿੱਥੋਂ ਭੇਜੀ ਗਈ ਸੀ ਅਤੇ ਇਸ ਨੂੰ ਮੰਗਵਾਉਣ ਤੇ ਅੱਗੇ ਸਪਲਾਈ ਕਰਨ ਵਾਲੇ ਨੈੱਟਵਰਕ ਵਿੱਚ ਹੋਰ ਕੌਣ ਸ਼ਾਮਲ ਹਨ।
ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ ਮਾਮਲਾ
ਬਠਿੰਡਾ ਵਿੱਚ ਕੋਰੀਅਰ ਰਾਹੀਂ ਪਾਬੰਦੀਸ਼ੁਦਾ ਕੈਪਸੂਲ ਭੇਜਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਚੱਲ ਰਹੀ ਇੱਕ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ ਸਬੰਧ ਸਿਰਸਾ ਦੇ ਕੁਝ ਵਿਅਕਤੀਆਂ ਨਾਲ ਦੱਸੇ ਗਏ ਸਨ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਫੈਕਟਰੀ ਤੋਂ ਪਾਬੰਦੀਸ਼ੁਦਾ ਕੈਪਸੂਲ ਕੋਰੀਅਰ ਰਾਹੀਂ ਹਰਿਆਣਾ ਭੇਜੇ ਗਏ ਸਨ। ਹਰਿਆਣਾ ਪੁਲਿਸ ਵੱਲੋਂ ਇਸ ਸਬੰਧੀ ਕਾਰਵਾਈ ਕਰਦਿਆਂ ਫੈਕਟਰੀ ’ਤੇ ਛਾਪਾ ਮਾਰਿਆ ਗਿਆ ਸੀ ਅਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਸਨ।
ਹੁਣ ਤਾਜ਼ਾ ਮਾਮਲੇ ਵਿੱਚ ਵੀ ਕੋਰੀਅਰ ਰਾਹੀਂ ਕੈਪਸੂਲ ਮੰਗਵਾਉਣ ਦੀ ਜਾਣਕਾਰੀ ਸਾਹਮਣੇ ਆਉਣ ਕਾਰਨ ਜਾਂਚ ਏਜੰਸੀਆਂ ਇਸ ਪੱਖ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਜਾਂਚ ਵਿੱਚ ਪਾਰਸਲ ਦੇ ਸਰੋਤ, ਬੁਕਿੰਗ ਕਰਨ ਵਾਲੇ ਵਿਅਕਤੀ, ਪ੍ਰਾਪਤਕਰਤਾ ਅਤੇ ਇਸ ਨਾਲ ਜੁੜੇ ਹੋਰ ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਰਵਾਇਤੀ ਨਿਗਰਾਨੀ ਤੋਂ ਬਚਣ ਦੀ ਕੋਸ਼ਿਸ਼
ਕੋਰੀਅਰ ਸੇਵਾ ਦੀ ਵਰਤੋਂ ਨਾਲ ਨਸ਼ਾ ਤਸਕਰ ਸੜਕਾਂ ’ਤੇ ਹੁੰਦੀ ਨਾਕਾਬੰਦੀ ਅਤੇ ਵਾਹਨਾਂ ਦੀ ਜਾਂਚ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹਨ। ਹੁਣ ਤਕ ਪੁਲਿਸ ਵੱਲੋਂ ਨਸ਼ਾ ਤਸਕਰੀ ਰੋਕਣ ਲਈ ਵਾਹਨਾਂ ਦੀ ਚੈਕਿੰਗ, ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ’ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਪਾਰਸਲ ਰਾਹੀਂ ਖੇਪ ਭੇਜਣ ਨਾਲ ਤਸਕਰੀ ਦਾ ਢੰਗ ਬਦਲ ਜਾਂਦਾ ਹੈ, ਜਿਸ ਕਾਰਨ ਕੋਰੀਅਰ ਰਾਹੀਂ ਭੇਜੇ ਜਾਣ ਵਾਲੇ ਸ਼ੱਕੀ ਪਾਰਸਲਾਂ ਦੀ ਜਾਂਚ ਵੀ ਮਹੱਤਵਪੂਰਨ ਬਣ ਜਾਂਦੀ ਹੈ।
ਕੋਰੀਅਰ ਰਾਹੀਂ ਕੈਮੀਕਲ ਮੰਗਵਾਉਣ ਦਾ ਮਾਮਲਾ ਵੀ
ਬਠਿੰਡਾ ਦੇ ਪਿੰਡ ਜੀਦਾ ਵਿੱਚ ਵੀ ਕੋਰੀਅਰ ਸੇਵਾ ਦੀ ਕਥਿਤ ਦੁਰਵਰਤੋਂ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇੱਥੇ ਇੱਕ ਨੌਜਵਾਨ ਵੱਲੋਂ ਕੋਰੀਅਰ ਰਾਹੀਂ ਕੈਮੀਕਲ ਮੰਗਵਾਉਣ ਅਤੇ ਇਸ ਦੀ ਵਰਤੋਂ ਕਰਕੇ ਧਮਾਕਾਖੇਜ਼ ਸਮੱਗਰੀ ਤਿਆਰ ਕਰਨ ਦੀ ਗੱਲ ਸਾਹਮਣੇ ਆਈ ਸੀ। ਘਰ ਵਿੱਚ ਹੋਏ ਧਮਾਕੇ ਕਾਰਨ ਪਿਓ-ਪੁੱਤਰ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਨੇ ਵੀ ਕੋਰੀਅਰ ਸੇਵਾਵਾਂ ਰਾਹੀਂ ਭੇਜੇ ਜਾਣ ਵਾਲੇ ਸ਼ੱਕੀ ਸਮਾਨ ਦੀ ਨਿਗਰਾਨੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ।
ਹੁਣ ਪੁਲਿਸ ਵੱਲੋਂ ਪਤੀ-ਪਤਨੀ ਤੋਂ ਬਰਾਮਦ 3.10 ਲੱਖ ਕੈਪਸੂਲਾਂ ਦੇ ਸਰੋਤ ਅਤੇ ਪੂਰੀ ਸਪਲਾਈ ਲੜੀ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਪੀ ਡੀ ਜਸਮੀਤ ਸਿੰਘ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਜਾਂਚ ਜਾਰੀ ਹੈ।