- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣੇਸ਼ ਵਿਸਰਜਨ ਦੇਖਣ ਲਈ ਨਹਿਰ ਦੇ ਬਹਿਮਣ ਪੁਲ ਨੇੜੇ ਪਹੁੰਚੇ ਜੋਗੀ ਨਗਰ ਟਿੱਬਾ ਦੀ ਗਲੀ ਨੰਬਰ 18 ਦੇ ਰਹਿਣ ਵਾਲੇ ਦੋ ਮਾਸੂਮ ਭੈਣ-ਭਰਾ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਛੇ ਸਾਲਾ ਭੈਣ ਨੂੰ ਨਹਿਰ ਵਿੱਚ ਡਿੱਗਦਾ ਦੇਖ ਕੇ 11 ਸਾਲਾ ਭਰਾ ਨੇ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ।

ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗਣੇਸ਼ ਵਿਸਰਜਨ ਦੀਆਂ ਖੁਸ਼ੀਆਂ ਵਿਚਕਾਰ ਮੰਗਲਵਾਰ ਨੂੰ ਬਠਿੰਡਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਗਣੇਸ਼ ਵਿਸਰਜਨ ਦੇਖਣ ਲਈ ਨਹਿਰ ਦੇ ਬਹਿਮਣ ਪੁਲ ਨੇੜੇ ਪਹੁੰਚੇ ਜੋਗੀ ਨਗਰ ਟਿੱਬਾ ਦੀ ਗਲੀ ਨੰਬਰ 18 ਦੇ ਰਹਿਣ ਵਾਲੇ ਦੋ ਮਾਸੂਮ ਭੈਣ-ਭਰਾ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ। ਛੇ ਸਾਲਾ ਭੈਣ ਨੂੰ ਨਹਿਰ ਵਿੱਚ ਡਿੱਗਦਾ ਦੇਖ ਕੇ 11 ਸਾਲਾ ਭਰਾ ਨੇ ਉਸ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਬੱਚੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਕੇ ਲਾਪਤਾ ਹੋ ਗਏ। ਦੇਰ ਰਾਤ ਤੱਕ ਦੋਵੇਂ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਹਾਦਸੇ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਨਹਿਰ ਦੇ ਕੰਢੇ ਇਕੱਠੇ ਹੋ ਗਏ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸਥਾਨਕ ਲੋਕਾਂ ਵੱਲੋਂ ਵੀ ਆਪਣੇ ਪੱਧਰ ’ਤੇ ਬੱਚਿਆਂ ਦੀ ਭਾਲ ਕੀਤੀ ਗਈ। ਨਹਿਰ ਦੇ ਕੰਢਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫ਼ੀ ਦੇਰ ਤੱਕ ਤਲਾਸ਼ ਕੀਤੀ ਗਈ ਪਰ ਕੋਈ ਸਫਲਤਾ ਨਹੀਂ ਮਿਲੀ।
ਭੈਣ ਨੂੰ ਬਚਾਉਣ ਲਈ ਭਰਾ ਨੇ ਵੀ ਮਾਰੀ ਛਾਲ
ਜਾਣਕਾਰੀ ਅਨੁਸਾਰ ਦੋਵੇਂ ਭੈਣ-ਭਰਾ ਗਣੇਸ਼ ਵਿਸਰਜਨ ਦੇਖਣ ਲਈ ਨਹਿਰ ਦੇ ਬਹਿਮਣ ਪੁਲ ਨੇੜੇ ਪਹੁੰਚੇ ਸਨ। ਇਸੇ ਦੌਰਾਨ ਛੇ ਸਾਲਾ ਬੱਚੀ ਅਚਾਨਕ ਨਹਿਰ ਵਿੱਚ ਡਿੱਗ ਗਈ। ਭੈਣ ਨੂੰ ਪਾਣੀ ਵਿੱਚ ਡੁੱਬਦਾ ਦੇਖ ਕੇ 11 ਸਾਲਾ ਭਰਾ ਨੇ ਬਿਨਾਂ ਕੁਝ ਸੋਚੇ ਉਸ ਨੂੰ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ।
ਤਿਉਹਾਰ ਦੀਆਂ ਖੁਸ਼ੀਆਂ ਵਿਚਕਾਰ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਦੇਰ ਰਾਤ ਤੱਕ ਨਹਿਰ ਕੰਢੇ ਬੱਚਿਆਂ ਦੀ ਭਾਲ ਜਾਰੀ ਰਹੀ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਦੀਆਂ ਨਜ਼ਰਾਂ ਨਹਿਰ ਦੇ ਪਾਣੀ ’ਤੇ ਟਿਕੀਆਂ ਰਹੀਆਂ। ਜਿਸ ਮੌਕੇ ਪਰਿਵਾਰ ਗਣੇਸ਼ ਵਿਸਰਜਨ ਦੇਖਣ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਆਇਆ ਸੀ, ਉਸੇ ਦੌਰਾਨ ਦੋ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਨਾਲ ਮਾਤਮ ਛਾ ਗਿਆ।
ਹਾਦਸੇ ਨੇ ਇੱਕ ਵਾਰ ਫਿਰ ਨਹਿਰਾਂ ਦੇ ਕੰਢੇ ਧਾਰਮਿਕ ਸਮਾਗਮਾਂ ਅਤੇ ਹੋਰ ਮੌਕਿਆਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਸਮਾਗਮਾਂ ਤੋਂ ਪਹਿਲਾਂ ਨਹਿਰਾਂ ਦੇ ਕੰਢੇ ਬੈਰੀਕੇਡਿੰਗ, ਰੌਸ਼ਨੀ, ਗੋਤਾਖੋਰਾਂ ਅਤੇ ਹੋਰ ਲੋੜੀਂਦੇ ਬਚਾਅ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।