- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ -4 ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ’ਚ ਹਿੱਸਾ ਲਿਆ। ਮੰਡਾਲੀ ਦੀ ਗੋਲਡ ਮੈਡਲਿਸਟ ਆਰਚਰੀ ਖਿਡਾਰਨ ਪ੍ਰਨੀਤ ਕੌਰ ਨੇ ਖੇਡ ਭਾਵਨਾ ਦੀ ਸਹੁੰ ਚੁਕਾਈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ -4 ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਮਾਰਚ ਪਾਸਟ ’ਚ ਹਿੱਸਾ ਲਿਆ। ਮੰਡਾਲੀ ਦੀ ਗੋਲਡ ਮੈਡਲਿਸਟ ਆਰਚਰੀ ਖਿਡਾਰਨ ਪ੍ਰਨੀਤ ਕੌਰ ਨੇ ਖੇਡ ਭਾਵਨਾ ਦੀ ਸਹੁੰ ਚੁਕਾਈ। ਪੰਜਾਬੀ ਗਾਇਕ ਗੁਰਦਾਸ ਮਾਨ ਤੇ ਕੁਲਵਿੰਦਰ ਬਿੱਲਾ ਨੇ ਪ੍ਰੋਗਰਾਮ ’ਚ ਆਪਣੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹਿਆ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਜ਼ਾਰਾਂ ਖਿਡਾਰੀਆਂ ਦੇ ਸੁਪਨੇ ਸਾਕਾਰ ਹੋਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰੀ ਖੇਡਾਂ ’ਚ 12.50 ਕਰੋੜ ਰੁਪਏ ਦੇ ਇਨਾਮ ਰੱਖੇ ਗਏ ਹਨ। ਉਨ੍ਹਾਂ ਨੇ ਖਿਡਾਰੀਆਂ ਨੂੰ ਬਲਾਕ, ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਬਿਹਤਰ ਮੌਕੇ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਸਮਾਗਮ ’ਚ ਖੇਡਾਂ ਨਾਲ ਸਬੰਧਤ ਵੀਡੀਓ ਪ੍ਰਦਰਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ’ਚ ਪੰਜਾਬ ਦੇ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਦਰਸਾਇਆ ਗਿਆ। ਮੁੱਖ ਮੰਤਰੀ ਨੇ ਮੰਚ ’ਤੇ ਪਹੁੰਚਦੇ ਹੀ ਗੁਰਦਾਸ ਮਾਨ ਦੇ ਪੈਰ ਛੂਹੇ ਤੇ ਉਨ੍ਹਾਂ ਨੂੰ ਆਪਣੇ ਨਾਲ ਬਿਠਾਇਆ। ਉਨ੍ਹਾਂ ਕਿਹਾ ਕਿ ਬਠਿੰਡਾ ਮਾਲਵੇ ਦਾ ਦਿਲ ਹੈ ਤੇ ਇੱਥੋਂ ਦੇ ਕਲਾਕਾਰਾਂ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਜਬੂਰੀ ਨੇ ਗੁਰਦਾਸ ਮਾਨ ਦਾ ਸ਼ੋਅ ਨਹੀਂ ਦੇਖਣ ਦਿੱਤਾ, ਪਰ ਹੁਣ ਮਸ਼ਹੂਰੀ ਨਹੀਂ ਦੇਖਣ ਦੇ ਰਹੀ।
ਪ੍ਰੋਗਰਾਮ ’ਚ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟ ਚਰਨਜੀਤ ਸਿੰਘ ਨੇ ਮਾਰਚ ਪਾਸਟ ਦੀ ਅਗਵਾਈ ਕੀਤੀ। ਵੱਖ ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਅਨੁਸ਼ਾਸਨ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮਸ਼ਾਲ ਮਾਰਚ ਕੀਤਾ ਗਿਆ, ਜਿਸ ’ਚ ਗੁਰਪ੍ਰੀਤ ਸਿੰਘ ਤੇ ਰੁਪਿੰਦਰ ਪਾਲ ਸਿੰਘ ਨੇ ਮਸ਼ਾਲ ਦੀ ਸ਼ੁਰੂਆਤ ਕੀਤੀ।
ਸਮਾਗਮ ’ਚ ਖੇਡਾਂ ਵਤਨ ਪੰਜਾਬ ਦੀਆਂ ਦਾ ਥੀਮ ਸਾਂਗ ਪੇਸ਼ ਕੀਤਾ ਗਿਆ। ਖਿਡਾਰੀਆਂ ਤੇ ਕਲਾਕਾਰਾਂ ਨੇ ਵਿਸ਼ੇਸ਼ ਕੋਰੀਓਗ੍ਰਾਫੀ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਦਰਸ਼ਕਾਂ ’ਚ ਉਤਸ਼ਾਹ ਵਧਿਆ। ਫਿਰੋਜ਼ਪੁਰ ਦੇ ਬਾਜ਼ੀਗਰਾਂ ਨੇ ਵੀ ਆਪਣੇ ਕਰਤੱਬ ਦਿਖਾਏ।
ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ’ਚ ਦੇਸ਼ ਤੇ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ’ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਬਸ ਉਨ੍ਹਾਂ ਨੂੰ ਉਚਿਤ ਮੰਚ ਤੇ ਸਹੂਲਤਾਂ ਉਪਲਬਧ ਕਰਾਉਣ ਦੀ ਲੋੜ ਹੈ।
ਪ੍ਰੋਗਰਾਮ ’ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਹੋਰ ਲੋਕ ਨੁਮਾਇੰਦੇ ਤੇ ਵੱਡੀ ਗਿਣਤੀ ’ਚ ਖਿਡਾਰੀ ਮੌਜੂਦ ਰਹੇ। ਸਮਾਗਮ ਦੌਰਾਨ ਸਟੇਡੀਅਮ ’ਚ ਪੰਜਾਬ ਦੀ ਖੇਡ ਭਾਵਨਾ ਤੇ ਸਭਿਆਚਾਰਕ ਰੰਗਾਂ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲਿਆ। ਇਸ ਮੁਕਾਬਲੇ ਦੀ ਸਮਾਪਤੀ 29 ਨਵੰਬਰ ਨੂੰ ਪਟਿਆਲਾ ’ਚ ਹੋਵੇਗੀ।