- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਵਿਚ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਐਂਟੀ ਨਾਰਕੋਟਿਕਸ ਟੀਮ ਨੇ ਮੁਲਤਾਨੀਆ ਰੋਡ ਸਥਿਤ ਮੈਡੀਕਲ ਸਟੋਰ ਦੇ ਸੰਚਾਲਕ ਨੂੰ 6 ਹਜ਼ਾਰ ਨਸ਼ੀਲੇ ਕੈਪਸੂਲਾਂ ਅਤੇ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਵਿਚ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਐਂਟੀ ਨਾਰਕੋਟਿਕਸ ਟੀਮ ਨੇ ਮੁਲਤਾਨੀਆ ਰੋਡ ਸਥਿਤ ਮੈਡੀਕਲ ਸਟੋਰ ਦੇ ਸੰਚਾਲਕ ਨੂੰ 6 ਹਜ਼ਾਰ ਨਸ਼ੀਲੇ ਕੈਪਸੂਲਾਂ ਅਤੇ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਸੁਖਪੀਰ ਰੋਡ ਵਾਸੀ ਸੰਦੀਪ ਸਿੰਘ ਸੋਨੀ ਵਜੋਂ ਹੋਈ ਹੈ, ਜਿਸ ਦਾ ਮੁਲਤਾਨੀਆ ਰੋਡ ’ਤੇ ਸੰਦੀਪ ਮੈਡੀਕਲ ਸਟੋਰ ਹੈ। ਪੁਲਿਸ ਨੇ ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਚ ਮਾਮਲਾ ਦਰਜ ਕਰਕੇ ਰਿਮਾਂਡ ’ਤੇ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਹੈ।
ਡੀਐੱਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟੀਮ ਦੇ ਏਐੱਸਆਈ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸਰਕਾਰੀ ਕੁਆਰਟਰਾਂ ਨੇੜੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਸੰਦੀਪ ਸਿੰਘ ਸੋਨੀ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਨਸ਼ੀਲੇ ਕੈਪਸੂਲਾਂ ਦੇ 20 ਡੱਬੇ ਬਰਾਮਦ ਹੋਏ, ਜਿਨ੍ਹਾਂ ਵਿਚ ਕੁੱਲ 6 ਹਜ਼ਾਰ ਕੈਪਸੂਲ ਸਨ। ਇਸ ਤੋਂ ਇਲਾਵਾ 40 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।
ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋ ਮਾਮਲੇ ਦਰਜ ਹਨ। ਇਕ ਮਾਮਲੇ ਵਿਚ ਉਸ ਕੋਲੋਂ 12 ਹਜ਼ਾਰ ਨਸ਼ੀਲੀਆਂ ਗੋਲੀਆਂ, ਜਦਕਿ ਦੂਜੇ ਮਾਮਲੇ ਵਿਚ 90 ਹਜ਼ਾਰ ਨਸ਼ੀਲੇ ਕੈਪਸੂਲ ਬਰਾਮਦ ਹੋਏ ਸਨ। ਪੁਲਿਸ ਹੁਣ ਉਸ ਕੋਲੋਂ ਪੁੱਛਗਿੱਛ ਕਰਕੇ ਨਸ਼ੀਲੀਆਂ ਦਵਾਈਆਂ ਦੀ ਖ਼ਰੀਦ-ਫ਼ਰੋਖ਼ਤ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।
ਮੌੜ ਮੰਡੀ ਦੇ ਸਪਲਾਇਰ ਖ਼ਿਲਾਫ਼ 18 ਮਾਮਲੇ ਦਰਜ
ਡੀਐੱਸਪੀ ਸੰਦੀਪ ਭਾਟੀ ਅਨੁਸਾਰ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਸੋਨੀ ਕਥਿਤ ਤੌਰ ’ਤੇ ਨਸ਼ੀਲੇ ਕੈਪਸੂਲ ਮੌੜ ਮੰਡੀ ਵਾਸੀ ਤਰਸੇਮ ਸਿੰਘ ਤੋਂ ਲੈ ਕੇ ਆਇਆ ਸੀ। ਪੁਲਿਸ ਮੁਤਾਬਕ ਤਰਸੇਮ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਪਹਿਲਾਂ ਹੀ 18 ਮਾਮਲੇ ਦਰਜ ਹਨ। ਉਹ ਇਸ ਸਮੇਂ ਜ਼ਮਾਨਤ ’ਤੇ ਬਾਹਰ ਹੈ ਅਤੇ ਕਥਿਤ ਤੌਰ ’ਤੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਦਾ ਹੈ।
ਪੁਲਿਸ ਹੁਣ ਤਰਸੇਮ ਸਿੰਘ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਾਲ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਨਾਲ ਜੁੜੇ ਨੈੱਟਵਰਕ ਦਾ ਪਤਾ ਲਗਾ ਰਹੀ ਹੈ। ਡੀਐੱਸਪੀ ਨੇ ਦੱਸਿਆ ਕਿ ਤਰਸੇਮ ਸਿੰਘ ਦੀ ਜਾਇਦਾਦ ਫ੍ਰੀਜ਼ ਕਰਵਾਉਣ ਲਈ ਲੋੜੀਂਦੇ ਹੁਕਮ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।