- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਦੇ ਹਵਾਈ ਯਾਤਰੀਆਂ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਦਿੱਲੀ ਲਈ ਉਡਾਣ ਭਰਨ ਵਾਲੀ ਅਲਾਇੰਸ ਏਅਰ ਦੀ ਫਲਾਈਟ ਬੁੱਧਵਾਰ ਤੋਂ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਬਠਿੰਡਾ ਏਅਰਪੋਰਟ ’ਤੇ ਸਥਾਪਤ ਕੀਤਾ ਆਪਣਾ ਸੈੱਟਅਪ ਵੀ ਸਰੰਡਰ ਕਰ ਦਿੱਤਾ ਗਿਆ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਦੇ ਹਵਾਈ ਯਾਤਰੀਆਂ ਨੂੰ ਇਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਦਿੱਲੀ ਲਈ ਉਡਾਣ ਭਰਨ ਵਾਲੀ ਅਲਾਇੰਸ ਏਅਰ ਦੀ ਫਲਾਈਟ ਬੁੱਧਵਾਰ ਤੋਂ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਦੇ ਨਾਲ ਹੀ ਕੰਪਨੀ ਵੱਲੋਂ ਬਠਿੰਡਾ ਏਅਰਪੋਰਟ ’ਤੇ ਸਥਾਪਤ ਕੀਤਾ ਆਪਣਾ ਸੈੱਟਅਪ ਵੀ ਸਰੰਡਰ ਕਰ ਦਿੱਤਾ ਗਿਆ ਹੈ। ਤਿੰਨ ਸਾਲ ਪਹਿਲਾਂ ਖੇਤਰੀ ਕਨੈਕਟੀਵਿਟੀ ਯੋਜਨਾ (ਆਰਸੀਐੱਸ) ਤਹਿਤ ਸ਼ੁਰੂ ਹੋਈ ਇਹ ਹਵਾਈ ਸੇਵਾ ਕਰਾਰ ਅੱਗੇ ਨਾ ਵਧਣ ਕਾਰਨ ਬੰਦ ਹੋਈ ਹੈ। ਉਡਾਣ ਬੰਦ ਹੁੰਦੇ ਹੀ ਬਠਿੰਡਾ ਏਅਰਪੋਰਟ ਇੱਕ ਵਾਰ ਫਿਰ ਸੁੰਨਸਾਨ ਹੋ ਗਿਆ ਹੈ।
ਅਲਾਇੰਸ ਏਅਰ ਦੀ ਦਿੱਲੀ ਲਈ ਉਡਾਣ ਬਠਿੰਡਾ ਵਾਸੀਆਂ ਲਈ ਸਿਰਫ਼ ਹਵਾਈ ਸੇਵਾ ਹੀ ਨਹੀਂ, ਸਗੋਂ ਦਿੱਲੀ ਨਾਲ ਸਿੱਧੀ ਕਨੈਕਟੀਵਿਟੀ ਦਾ ਅਹਿਮ ਸਾਧਨ ਸੀ। ਬਠਿੰਡਾ ਸਥਿਤ ਏਮਜ਼, ਰਿਫਾਈਨਰੀ, ਸੈਂਟਰਲ ਯੂਨੀਵਰਸਿਟੀ ਸਮੇਤ ਕਈ ਵੱਡੇ ਅਦਾਰਿਆਂ ਦੇ ਅਧਿਕਾਰੀ ਅਤੇ ਕਰਮਚਾਰੀ ਦਿੱਲੀ ਆਉਣ-ਜਾਣ ਲਈ ਇਸ ਸੇਵਾ ’ਤੇ ਨਿਰਭਰ ਸਨ। ਇਸ ਤੋਂ ਇਲਾਵਾ ਕਾਰੋਬਾਰੀਆਂ, ਮਰੀਜ਼ਾਂ, ਵਿਦਿਆਰਥੀਆਂ ਤੇ ਆਮ ਯਾਤਰੀਆਂ ਲਈ ਵੀ ਇਹ ਉਡਾਣ ਸਮੇਂ ਅਤੇ ਦੂਰੀ ਦੇ ਪੱਖੋਂ ਬੇਹੱਦ ਮਹੱਤਵਪੂਰਨ ਸੀ। ਹੁਣ ਉਡਾਣ ਬੰਦ ਹੋਣ ਕਾਰਨ ਇਨ੍ਹਾਂ ਯਾਤਰੀਆਂ ਨੂੰ ਸੜਕੀ ਜਾਂ ਲੰਬੀ ਰੇਲ ਯਾਤਰਾ ’ਤੇ ਨਿਰਭਰ ਰਹਿਣਾ ਪਵੇਗਾ।
ਪਹਿਲਾਂ ਸੱਤ ਦਿਨ, ਫਿਰ ਪੰਜ, ਤਿੰਨ ਤੇ ਦੋ ਦਿਨ, ਆਖਰ ਪੂਰੀ ਤਰ੍ਹਾਂ ਬੰਦ
ਬਠਿੰਡਾ ਦੀ ਹਵਾਈ ਸੇਵਾ ਨਾਲ ਜੁੜੀ ਸਭ ਤੋਂ ਵੱਡੀ ਵਿਡੰਬਨਾ ਇਹ ਰਹੀ ਕਿ ਜਿਸ ਸੇਵਾ ਨੂੰ ਖੇਤਰ ਦੀ ਕਨੈਕਟੀਵਿਟੀ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ, ਉਸ ਦੀ ਫ੍ਰੀਕਵੈਂਸੀ ਹੌਲੀ-ਹੌਲੀ ਘਟਦੀ ਚਲੀ ਗਈ। ਸ਼ੁਰੂਆਤ ਵਿਚ ਅਲਾਇੰਸ ਏਅਰ ਦੀ ਫਲਾਈਟ ਹਫ਼ਤੇ ਦੇ ਸੱਤੋਂ ਦਿਨ ਚਲਦੀ ਸੀ। ਬਾਅਦ ਵਿਚ ਇਸ ਨੂੰ ਪੰਜ ਦਿਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੇਵਾ ਤਿੰਨ ਦਿਨ ਤੇ ਆਖਰ ਵਿਚ ਸਿਰਫ਼ ਦੋ ਦਿਨ ਤੱਕ ਸੀਮਤ ਰਹਿ ਗਈ। ਹੁਣ ਕਰਾਰ ਖਤਮ ਹੋਣ ਨਾਲ ਇਹ ਸੇਵਾ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਯਾਤਰੀਆਂ ’ਤੇ ਪਿਆ ਹੈ, ਜਿਨ੍ਹਾਂ ਨੂੰ ਘੱਟ ਸਮੇਂ ’ਚ ਦਿੱਲੀ ਪਹੁੰਚਣ ਦੀ ਲੋੜ ਹੁੰਦੀ ਹੈ।