- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਪੁਰਾ ਫੂਲ ਦੇ ਇਕ ਸਰਕਾਰੀ ਸਕੂਲ ’ਚ ਤਿੰਨ ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਦੀ ਅਚਾਨਕ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਲੰਚ ਟਾਈਮ ਤੋਂ ਬਾਅਦ ਚਾਰਾਂ ਵਿਦਿਆਰਥੀਆਂ ਨੂੰ ਉਲਟੀਆਂ ਲੱਗਣ ਮਗਰੋਂ ਸਕੂਲ ਪ੍ਰਬੰਧਕਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਰਾਮਪੁਰਾ ਫੂਲ ਦੇ ਇਕ ਸਰਕਾਰੀ ਸਕੂਲ ’ਚ ਤਿੰਨ ਵਿਦਿਆਰਥਣਾਂ ਅਤੇ ਇਕ ਵਿਦਿਆਰਥੀ ਦੀ ਅਚਾਨਕ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ। ਲੰਚ ਟਾਈਮ ਤੋਂ ਬਾਅਦ ਚਾਰਾਂ ਵਿਦਿਆਰਥੀਆਂ ਨੂੰ ਉਲਟੀਆਂ ਲੱਗਣ ਮਗਰੋਂ ਸਕੂਲ ਪ੍ਰਬੰਧਕਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ। ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਦੇਣ ਦੇ ਨਾਲ ਉਨ੍ਹਾਂ ਵੱਲੋਂ ਕਿਸੇ ਨਸ਼ੀਲੀ ਵਸਤੂ ਦਾ ਸੇਵਨ ਕੀਤੇ ਜਾਣ ਦਾ ਸ਼ੱਕ ਵੀ ਪ੍ਰਗਟਾਇਆ ਗਿਆ। ਹਾਲਾਂਕਿ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਸਕੂਲ ਪ੍ਰਬੰਧਕਾਂ ਵੱਲੋਂ ਚਾਰਾਂ ਵਿਦਿਆਰਥੀਆਂ ਦੇ ਸਕੂਲ ਬੈਗਾਂ ਦੀ ਤਲਾਸ਼ੀ ਵੀ ਲਈ ਗਈ, ਪਰ ਕਿਸੇ ਬੈਗ ਵਿੱਚੋਂ ਨਸ਼ੀਲੀ ਵਸਤੂ ਨਹੀਂ ਮਿਲੀ। ਇਸ ਕਾਰਨ ਵਿਦਿਆਰਥੀਆਂ ਦੀ ਸਿਹਤ ਵਿਗੜਨ ਦਾ ਅਸਲ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ। ਮਾਪਿਆਂ ਨੂੰ ਬੱਚਿਆਂ ਦੀ ਸਿਹਤ ਸਬੰਧੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਘਰ ਭੇਜਿਆ ਗਿਆ।
ਸਕੂਲ ਦੇ ਹੈੱਡ ਜਸਵੀਰ ਸਿੰਘ ਨੇ ਦੱਸਿਆ ਕਿ ਲੰਚ ਤੋਂ ਬਾਅਦ ਤਿੰਨ ਕੁੜੀਆਂ ਅਤੇ ਇਕ ਮੁੰਡੇ ਨੂੰ ਉਲਟੀਆਂ ਲੱਗੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਉਨ੍ਹਾਂ ਨਾਲ ਘਰ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰਾਂ ਵਿਦਿਆਰਥੀਆਂ ਦੇ ਇਕ ਮਹੀਨੇ ਤੱਕ ਸਕੂਲ ਆਉਣ ’ਤੇ ਰੋਕ ਲਗਾਈ ਗਈ ਹੈ। ਹਾਲਾਂਕਿ ਉਨ੍ਹਾਂ ਨੇ ਨਸ਼ੀਲੀ ਵਸਤੂ ਦੇ ਸੇਵਨ ਦੀ ਪੁਸ਼ਟੀ ਨਹੀਂ ਕੀਤੀ।
ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ ਸਥਿਤੀ
ਮਾਮਲੇ ’ਚ ਮੁੱਖ ਸਵਾਲ ਇਹ ਹੈ ਕਿ ਚਾਰਾਂ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਕਿਉਂ ਵਿਗੜੀ। ਉਨ੍ਹਾਂ ਵੱਲੋਂ ਕਿਸੇ ਨਸ਼ੀਲੀ ਦਵਾਈ ਜਾਂ ਹੋਰ ਪਦਾਰਥ ਦਾ ਸੇਵਨ ਕੀਤਾ ਗਿਆ ਸੀ ਜਾਂ ਸਿਹਤ ਖਰਾਬ ਹੋਣ ਦਾ ਕੋਈ ਹੋਰ ਕਾਰਨ ਸੀ, ਇਹ ਡਾਕਟਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਬੈਗਾਂ ਦੀ ਤਲਾਸ਼ੀ ਦੌਰਾਨ ਕੋਈ ਨਸ਼ੀਲਾ ਪਦਾਰਥ ਨਾ ਮਿਲਣ ਕਾਰਨ ਫਿਲਹਾਲ ਨਸ਼ੇ ਦੀ ਵਰਤੋਂ ਦੀ ਗੱਲ ਸਿਰਫ਼ ਸ਼ੱਕ ਤੱਕ ਸੀਮਤ ਹੈ।
ਸਰਕਾਰੀ ਸਕੂਲ ’ਚ ਵਾਪਰੀ ਇਸ ਘਟਨਾ ਨੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਿਵੀਆਂ ਪਿੰਡ ਦੇ ਇਕ ਸਕੂਲ ’ਚ ਵਿਦਿਆਰਥੀ ਕੋਲੋਂ ਕੈਪਸੂਲ ਮਿਲਣ ਦਾ ਮਾਮਲਾ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਸਬੰਧੀ ਸਿੱਖਿਆ ਵਿਭਾਗ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਮੌਜੂਦਾ ਮਾਮਲੇ ’ਚ ਵੀ ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਡਾਕਟਰੀ ਜਾਂ ਅਧਿਕਾਰਤ ਜਾਂਚ ਜ਼ਰੂਰੀ ਹੈ।