- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਆਗੂ ਅਤੇ ਹੋਮਿਓਪੈਥਿਕ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ 22 ਜੂਨ ਨੂੰ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਅਹਿਮ ਸਫਲਤਾ ਹਾਸਲ ਕਰਦਿਆਂ ਚੌਥੇ ਮੁਲਜ਼ਮ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭਾਜਪਾ ਆਗੂ ਅਤੇ ਹੋਮਿਓਪੈਥਿਕ ਡਾਕਟਰ ਤਰਸੇਮ ਗਰਗ ਦੇ ਕਲੀਨਿਕ 'ਤੇ 22 ਜੂਨ ਨੂੰ ਹੋਏ ਪੈਟਰੋਲ ਬੰਬ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਅਹਿਮ ਸਫਲਤਾ ਹਾਸਲ ਕਰਦਿਆਂ ਚੌਥੇ ਮੁਲਜ਼ਮ ਹਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਹਰਜਿੰਦਰ ਸਿੰਘ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਹ ਮੁੱਖ ਮੁਲਜ਼ਮ ਸੰਦੀਪ ਸਿੰਘ ਦਾ ਚਚੇਰਾ ਭਰਾ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਨੇ ਹੀ ਸੰਦੀਪ ਸਿੰਘ ਨੂੰ ਪਾਕਿਸਤਾਨ ਵਿੱਚ ਬੈਠੇ ਆਈਐੱਸਆਈ ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਦਾ ਸੰਪਰਕ ਨੰਬਰ ਮੁਹੱਈਆ ਕਰਵਾਇਆ ਸੀ। ਪੁਲਿਸ ਨੇ ਮੁਲਜ਼ਮ ਦੇ ਮੋਬਾਈਲ ਫ਼ੋਨ ਵਿੱਚੋਂ ਇਸ ਨੰਬਰ ਨਾਲ ਸਬੰਧਤ ਸਕਰੀਨ ਸ਼ਾਟ ਵੀ ਬਰਾਮਦ ਕੀਤਾ ਹੈ, ਜਿਸ ਨੂੰ ਜਾਂਚ ਦਾ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।
ਪੁਲਿਸ ਜਾਂਚ ਅਨੁਸਾਰ ਡਾ. ਤਰਸੇਮ ਗਰਗ ਦੇ ਕਲੀਨਿਕ 'ਤੇ ਹਮਲਾ ਕਰਨ ਦੇ ਬਦਲੇ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਪਾਕਿਸਤਾਨੀ ਗੈਂਗਸਟਰ ਸ਼ਹਿਯਾਦ ਭੱਟੀ ਨੇ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਵਿੱਚੋਂ 5 ਹਜ਼ਾਰ ਰੁਪਏ ਦੀ ਅਗਾਊਂ ਰਕਮ ਯੂਪੀਆਈ ਰਾਹੀਂ ਉਸ ਦੇ ਖਾਤੇ ਵਿੱਚ ਭੇਜੀ ਗਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੰਦੀਪ ਸਿੰਘ ਨੇ ਨਕੁਲ ਰਾਜਪੂਤ ਅਤੇ ਗੁਰਵਿੰਦਰ ਸਿੰਘ ਨੂੰ ਤਿੰਨ-ਤਿੰਨ ਹਜ਼ਾਰ ਰੁਪਏ ਦੇ ਕੇ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਣ ਲਈ ਤਿਆਰ ਕੀਤਾ ਸੀ। ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਸੰਦੀਪ ਸਿੰਘ ਨੇ ਹਮਲੇ ਦੀ ਵੀਡੀਓ ਬਣਾਈ ਅਤੇ ਉਸ ਨੂੰ ਪਾਕਿਸਤਾਨ ਸਥਿਤ ਗੈਂਗਸਟਰ ਸਹਿਯਾਦ ਭੱਟੀ ਨੂੰ ਭੇਜ ਦਿੱਤੀ। ਜਾਂਚ ਏਜੰਸੀਆਂ ਇਸ ਵੀਡੀਓ ਅਤੇ ਵਿਦੇਸ਼ੀ ਸੰਪਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਮਾਰ ਕੀਤਾ ਸੀ। ਹੁਣ ਇਸ ਮਾਮਲੇ ਵਿਚ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਫੜ੍ਹੇ ਮੁਲਜ਼ਮ ਤੋਂ ਡੂੰਘਾਈ ਨਾਲ ਪੁਛਗਿੱਛ ਕਰ ਰਹੀ ਹੈ।
ਸ਼ਹਿਰ ’ਚ ਦਹਿਸ਼ਤ ਫੈਲਾਉਣਾ ਸੀ ਹਮਲੇ ਦਾ ਮਕਸਦ
ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿੱਚ ਡਾ. ਤਰਸੇਮ ਗਰਗ ਨਾਲ ਕਿਸੇ ਵੀ ਤਰ੍ਹਾਂ ਦੀ ਨਿੱਜੀ ਰੰਜਿਸ਼ ਜਾਂ ਵਿਵਾਦ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਹਮਲੇ ਦਾ ਮਕਸਦ ਸਿਰਫ਼ ਬਠਿੰਡਾ ਸ਼ਹਿਰ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐੱਸ) ਦੀ ਧਾਰਾ 113 ਵੀ ਸ਼ਾਮਲ ਕੀਤੀ ਹੈ। ਇਸ ਦੇ ਨਾਲ ਹੀ ਵਿਦੇਸ਼ੀ ਫੰਡਿੰਗ, ਪਾਕਿਸਤਾਨ ਨਾਲ ਸੰਭਾਵਿਤ ਸਬੰਧਾਂ ਅਤੇ ਅੱਤਵਾਦੀ ਐਂਗਲ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (ਐਨਆਈਏ) ਵੀ ਮਾਮਲੇ ਦੀ ਤਫ਼ਤੀਸ਼ ਵਿੱਚ ਜੁਟੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਨੂੰ ਹਰ ਪਹਿਲੂ ਤੋਂ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।