
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਐੱਚਐੱਮਈਐੱਲ ਅਤੇ ਸੀਐੱਸਆਰਐੱਲ ਦੀ ਸਾਂਝੇਦਾਰੀ ਨਾਲ ਚਲਾਏ ਜਾ ਰਹੇ ਨੈਸ਼ਨਲ ਸੁਪਰ 100 ਉਪਰਾਲੇ ਤਹਿਤ ਮੁਫ਼ਤ ਜੇਈਈ ਤਿਆਰੀ ਹਾਸਲ ਕਰਨ ਵਾਲੇ ਪੰਜ ਵਿਦਿਆਰਥੀਆਂ ਨੇ ਐੱਨਆਈਟੀ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ ਥਾਂ ਬਣਾਈ ਹੈ।

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ : ਕਦੇ ਮਹਿੰਗੀ ਪੜ੍ਹਾਈ ਅਤੇ ਸੀਮਤ ਆਰਥਿਕ ਸਾਧਨਾਂ ਕਾਰਨ ਜਿਨ੍ਹਾਂ ਬੱਚਿਆਂ ਲਈ ਇੰਜਨੀਅਰ ਬਣਨ ਦਾ ਸੁਪਨਾ ਦੂਰ ਦੀ ਗੱਲ ਜਾਪਦਾ ਸੀ, ਅੱਜ ਉਹ ਦੇਸ਼ ਦੀਆਂ ਨਾਮੀ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਹਾਸਲ ਕਰ ਰਹੇ ਹਨ। ਐੱਚਐੱਮਈਐੱਲ ਅਤੇ ਸੀਐੱਸਆਰਐੱਲ ਦੀ ਸਾਂਝੇਦਾਰੀ ਨਾਲ ਚਲਾਏ ਜਾ ਰਹੇ ਨੈਸ਼ਨਲ ਸੁਪਰ 100 ਉਪਰਾਲੇ ਤਹਿਤ ਮੁਫ਼ਤ ਜੇਈਈ ਤਿਆਰੀ ਹਾਸਲ ਕਰਨ ਵਾਲੇ ਪੰਜ ਵਿਦਿਆਰਥੀਆਂ ਨੇ ਐੱਨਆਈਟੀ ਸਮੇਤ ਵੱਖ-ਵੱਖ ਸੰਸਥਾਵਾਂ ਵਿੱਚ ਥਾਂ ਬਣਾਈ ਹੈ।
ਫਾਜ਼ਿਲਕਾ ਦੇ ਅਭੈ ਸਾਮਾ ਅਤੇ ਅਬੋਹਰ ਦੇ ਅਜੈ ਕੁਮਾਰ ਦੀ ਚੋਣ ਐੱਨਆਈਟੀ ਜਲੰਧਰ ਵਿੱਚ ਕ੍ਰਮਵਾਰ ਇਲੈਕਟ੍ਰਾਨਿਕਸ ਇੰਜਨੀਅਰਿੰਗ ਅਤੇ ਸਿਵਲ ਇੰਜਨੀਅਰਿੰਗ ਲਈ ਹੋਈ ਹੈ। ਪ੍ਰਭਜੋਤ ਸਿੰਘ ਵਾਸੀ ਪਿੰਡ ਪੂਹਲੀ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕ੍ਰਿਸ਼ਨਾ ਬਾਈ ਦੀ ਸਰਕਾਰੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਅਤੇ ਅਨਮੋਲਪ੍ਰੀਤ ਸਿੰਘ ਦੀ ਪੰਜਾਬ ਯੂਨੀਵਰਸਿਟੀ ਦੇ ਯੂਆਈਈਟੀ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਲਈ ਚੋਣ ਹੋਈ ਹੈ।
ਮੁਫ਼ਤ ਤਿਆਰੀ ਨੇ ਦਿੱਤਾ ਮੌਕਾ
2025 ਵਿੱਚ ਨੈਸ਼ਨਲ ਸੁਪਰ 100 ਦਾਖਲਾ ਪ੍ਰੀਖਿਆ ਰਾਹੀਂ ਚੁਣੇ ਗਏ ਇਨ੍ਹਾਂ ਵਿਦਿਆਰਥੀਆਂ ਨੇ ਦਿੱਲੀ ਵਿੱਚ ਰਹਿ ਕੇ ਜੇਈਈ ਦੀ ਤਿਆਰੀ ਕੀਤੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਣਹਾਰ ਵਿਦਿਆਰਥੀਆਂ ਨਾਲ ਪੜ੍ਹਦਿਆਂ ਉਨ੍ਹਾਂ ਵਿੱਚ ਆਤਮਵਿਸ਼ਵਾਸ ਵੀ ਵਧਿਆ। ਪਿਛਲੇ ਚਾਰ ਸਾਲਾਂ ਤੋਂ ਜਾਰੀ ਇਸ ਉਪਰਾਲੇ ਰਾਹੀਂ ਹੁਣ ਤੱਕ 14 ਵਿਦਿਆਰਥੀ ਐੱਨਆਈਟੀ, ਆਈਆਈਟੀ ਸਮੇਤ ਨਾਮੀ ਇੰਜਨੀਅਰਿੰਗ ਸੰਸਥਾਵਾਂ ਵਿੱਚ ਦਾਖਲਾ ਹਾਸਲ ਕਰ ਚੁੱਕੇ ਹਨ।
ਇਕ ਏਕੜ ਜ਼ਮੀਨ ਵਾਲੇ ਪਰਿਵਾਰ ਦਾ ਅਭੈ ਐੱਨਆਈਟੀ ਪੁੱਜਿਆ
ਫਾਜ਼ਿਲਕਾ ਦੇ ਪਿੰਡ ਜੰਡਵਾਲਾ ਵਾਸੀ ਅਭੈ ਸਾਮਾ ਦੇ ਪਰਿਵਾਰ ਕੋਲ ਸਿਰਫ਼ ਇਕ ਏਕੜ ਜ਼ਮੀਨ ਹੈ। ਉਸ ਦੇ ਪਿਤਾ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਮਾਤਾ ਦੇ ਮੋਢਿਆਂ ’ਤੇ ਹੈ। ਮਹਿੰਗੀ ਕੋਚਿੰਗ ਦਾ ਖਰਚਾ ਚੁੱਕਣਾ ਪਰਿਵਾਰ ਲਈ ਸੰਭਵ ਨਹੀਂ ਸੀ। ਨੈਸ਼ਨਲ ਸੁਪਰ 100 ਰਾਹੀਂ ਦਿੱਲੀ ਵਿੱਚ ਮੁਫ਼ਤ ਤਿਆਰੀ ਅਤੇ ਮਾਹਿਰ ਅਧਿਆਪਕਾਂ ਦੀ ਅਗਵਾਈ ਮਿਲਣ ਤੋਂ ਬਾਅਦ ਅਭੈ ਨੇ ਐੱਨਆਈਟੀ ਜਲੰਧਰ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਲਈ ਦਾਖਲਾ ਹਾਸਲ ਕੀਤਾ।
ਮਜ਼ਦੂਰ ਦਾ ਪੁੱਤਰ ਬਣੇਗਾ ਇੰਜਨੀਅਰ
ਪਿੰਡ ਪੂਹਲੀ, ਬਠਿੰਡਾ ਵਾਸੀ ਪ੍ਰਭਜੋਤ ਸਿੰਘ ਦੇ ਪਿਤਾ ਮਜ਼ਦੂਰੀ ਕਰਦੇ ਹਨ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਪ੍ਰਭਜੋਤ ਨੇ ਇੰਜਨੀਅਰ ਬਣਨ ਦਾ ਸੁਪਨਾ ਨਹੀਂ ਛੱਡਿਆ। ਸੁਪਰ 100 ਤਹਿਤ ਦਿੱਲੀ ਵਿੱਚ ਮਿਲੀ ਮੁਫ਼ਤ ਤਿਆਰੀ ਨੇ ਉਸ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਹੁਣ ਉਸ ਦੀ ਚੋਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣਾਉਟੀ ਸੂਝ-ਬੂਝ ਦੇ ਕੋਰਸ ਲਈ ਹੋਈ ਹੈ।
ਅਬੋਹਰ ਦੇ ਅਜੈ ਕੁਮਾਰ ਨੇ ਵੀ ਆਰਥਿਕ ਤੰਗੀ ਦੇ ਬਾਵਜੂਦ ਮਿਹਨਤ ਜਾਰੀ ਰੱਖੀ ਅਤੇ ਐੱਨਆਈਟੀ ਜਲੰਧਰ ਵਿੱਚ ਸਿਵਲ ਇੰਜਨੀਅਰਿੰਗ ਲਈ ਥਾਂ ਬਣਾਈ। ਇਸੇ ਤਰ੍ਹਾਂ ਸਰਕਾਰੀ ਸਕੂਲ ਵਿੱਚ ਪੜ੍ਹੇ ਅਨਮੋਲਪ੍ਰੀਤ ਸਿੰਘ ਨੂੰ ਸੁਪਰ 100 ਪ੍ਰੀਖਿਆ ਰਾਹੀਂ ਜੇਈਈ ਦੀ ਤਿਆਰੀ ਦਾ ਮੌਕਾ ਮਿਲਿਆ ਅਤੇ ਹੁਣ ਉਹ ਪੰਜਾਬ ਯੂਨੀਵਰਸਿਟੀ ਦੇ ਯੂਆਈਈਟੀ ਵਿੱਚ ਇਲੈਕਟ੍ਰਾਨਿਕਸ ਇੰਜਨੀਅਰਿੰਗ ਪੜ੍ਹੇਗਾ। ਫਾਜ਼ਿਲਕਾ ਦੀ ਕ੍ਰਿਸ਼ਨਾ ਬਾਈ ਨੇ ਵੀ ਸਰਕਾਰੀ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਵਿੱਚ ਦਾਖਲਾ ਹਾਸਲ ਕੀਤਾ ਹੈ।
2026-27 ਲਈ 10 ਵਿਦਿਆਰਥੀ ਚੁਣੇ
ਨੈਸ਼ਨਲ ਸੁਪਰ 100 ਤਹਿਤ 2026-27 ਲਈ 10 ਵਿਦਿਆਰਥੀਆਂ ਦੀ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਜੇਈਈ ਤਿਆਰੀ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਬਠਿੰਡਾ ਦੀ ਮਹਿਕ, ਯਾਸ਼ਿਕਾ, ਸੁਖਮਨੀ ਕੌਰ, ਲਵਲੀਨ ਅਤੇ ਦਿਲਪ੍ਰੀਤ ਕੌਰ, ਸੰਗਰੂਰ ਦਾ ਵਾਰਿਸ ਸਿੰਘ, ਫਾਜ਼ਿਲਕਾ ਦੇ ਨਰਿੰਦਰ ਸਿੰਘ ਤੇ ਕਿਰਨ ਰਾਣੀ, ਮਲੋਟ ਦੀ ਰਾਜਨਦੀਪ ਕੌਰ ਅਤੇ ਗੁਰੂ ਹਰਸਹਾਏ ਦੀ ਨਵਨੀਤ ਕੌਰ ਸ਼ਾਮਲ ਹਨ।