
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚ ਐਤਵਾਰ ਰਾਤ ਬੈਲਟ ਨੰਬਰ 29 ਨੂੰ ਅਚਾਨਕ ਅੱਗ ਲੱਗਣ ਕਾਰਨ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਹੋ ਗਏ। ਅੱਗ ਕਾਰਨ ਬੈਲਟਾਂ ਦੇ ਨਾਲ ਬਿਜਲੀ ਦੀਆਂ ਕੇਬਲਾਂ ਅਤੇ ਹੋਰ ਉਪਕਰਨ ਵੀ ਸੜ ਗਏ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚ ਐਤਵਾਰ ਰਾਤ ਬੈਲਟ ਨੰਬਰ 29 ਨੂੰ ਅਚਾਨਕ ਅੱਗ ਲੱਗਣ ਕਾਰਨ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਹੋ ਗਏ। ਅੱਗ ਕਾਰਨ ਬੈਲਟਾਂ ਦੇ ਨਾਲ ਬਿਜਲੀ ਦੀਆਂ ਕੇਬਲਾਂ ਅਤੇ ਹੋਰ ਉਪਕਰਨ ਵੀ ਸੜ ਗਏ। ਇਸ ਨਾਲ ਪਲਾਂਟ ਵਿੱਚ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਹਿਲਾਂ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਵਧੀ ਹੋਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਪ੍ਰਬੰਧ ’ਤੇ ਵਾਧੂ ਦਬਾਅ ਪੈਣ ਦਾ ਖ਼ਦਸ਼ਾ ਹੈ।
ਲਹਿਰਾ ਮੁਹੱਬਤ ਥਰਮਲ ਦੀ ਕੁੱਲ ਸਮਰੱਥਾ ਕਰੀਬ 920 ਮੈਗਾਵਾਟ ਹੈ, ਪਰ ਤਿੰਨ ਯੂਨਿਟ ਬੰਦ ਹੋਣ ਕਾਰਨ ਇਸ ਸਮੇਂ ਇੱਥੇ ਸਿਰਫ਼ 152 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਸੂਤਰਾਂ ਅਨੁਸਾਰ ਅੱਗ ਕਾਰਨ ਯੂਨਿਟ ਨੰਬਰ ਤਿੰਨ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ ਅਤੇ ਇਸ ਨੂੰ ਮੁੜ ਚਾਲੂ ਕਰਨ ਵਿੱਚ 10 ਤੋਂ 15 ਦਿਨ ਲੱਗ ਸਕਦੇ ਹਨ। ਹਾਲਾਂਕਿ ਅਧਿਕਾਰੀਆਂ ਵੱਲੋਂ ਅਜੇ ਕੋਈ ਅੰਤਿਮ ਸਮਾਂ-ਸੀਮਾ ਨਹੀਂ ਦਿੱਤੀ ਗਈ।
ਥਰਮਲ ਪਲਾਂਟ ਦੇ ਐੱਸਸੀ ਕਪਿਲ ਦੇਵ ਨੇ ਦੱਸਿਆ ਕਿ ਚਾਰ ਵਿੱਚੋਂ ਤਿੰਨ ਯੂਨਿਟ ਬੰਦ ਹਨ। ਅੱਗ ਕਾਰਨ ਕੇਬਲਾਂ ਅਤੇ ਹੋਰ ਸਾਮਾਨ ਸੜਿਆ ਹੈ। ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀ ਪਹਿਲੀ ਤਰਜੀਹ ਯੂਨਿਟਾਂ ਨੂੰ ਜਲਦ ਚਾਲੂ ਕਰਨਾ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਰੋਕਣਾ ਹੈ।
ਸਰਕਾਰੀ ਥਰਮਲਾਂ ਤੋਂ 691 ਮੈਗਾਵਾਟ ਉਤਪਾਦਨ
ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਦੀ ਕੁੱਲ ਸਮਰੱਥਾ ਕਰੀਬ 2300 ਮੈਗਾਵਾਟ ਹੈ, ਪਰ ਇਸ ਵੇਲੇ ਇਨ੍ਹਾਂ ਤੋਂ ਸਿਰਫ਼ 691 ਮੈਗਾਵਾਟ ਦੇ ਕਰੀਬ ਬਿਜਲੀ ਪੈਦਾ ਹੋ ਰਹੀ ਹੈ। ਲਹਿਰਾ ਮੁਹੱਬਤ ਵਿੱਚ 920 ਵਿੱਚੋਂ 152 ਮੈਗਾਵਾਟ, ਰੂਪਨਗਰ ਥਰਮਲ ਦੀ 840 ਮੈਗਾਵਾਟ ਸਮਰੱਥਾ ਦੇ ਮੁਕਾਬਲੇ 258 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਤੋਂ 540 ਵਿੱਚੋਂ 281 ਮੈਗਾਵਾਟ ਉਤਪਾਦਨ ਹੋ ਰਿਹਾ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਕਰੀਬ 14,900 ਮੈਗਾਵਾਟ ਦੱਸੀ ਜਾ ਰਹੀ ਹੈ।
1800 ਆਊਟਸੋਰਸ ਕਾਮੇ 18 ਦਿਨਾਂ ਤੋਂ ਹੜਤਾਲ ’ਤੇ
ਅੱਗ ਦੀ ਘਟਨਾ ਨੇ ਪਲਾਂਟ ਦੀਆਂ ਮੁਸ਼ਕਲਾਂ ਉਸ ਸਮੇਂ ਹੋਰ ਵਧਾ ਦਿੱਤੀਆਂ ਹਨ ਜਦੋਂ ਕਰੀਬ 1800 ਆਊਟਸੋਰਸ ਕਾਮੇ ਪਿਛਲੇ 18 ਦਿਨਾਂ ਤੋਂ ਹੜਤਾਲ ’ਤੇ ਹਨ। ਹੜਤਾਲ ਕਾਰਨ ਪਲਾਂਟ ਦੇ ਰੋਜ਼ਾਨਾ ਕੰਮਕਾਜ ’ਤੇ ਪਹਿਲਾਂ ਹੀ ਅਸਰ ਪੈ ਰਿਹਾ ਸੀ। ਹੁਣ ਤਕਨੀਕੀ ਖ਼ਰਾਬੀ ਕਾਰਨ ਮੈਨੇਜਮੈਂਟ ਲਈ ਯੂਨਿਟਾਂ ਨੂੰ ਮੁੜ ਚਾਲੂ ਕਰਨਾ ਅਤੇ ਹੋਰ ਕੰਮ ਕਰਵਾਉਣਾ ਚੁਣੌਤੀ ਬਣ ਗਿਆ ਹੈ।
ਕੋਲੇ ਦਾ ਰੈਕ ਖਾਲੀ ਨਾ ਹੋਇਆ ਤਾਂ ਰੋਜ਼ਾਨਾ ਢਾਈ ਲੱਖ ਦਾ ਬੋਝ
ਕੋਲੇ ਦਾ ਰੈਕ ਖਾਲੀ ਨਾ ਹੋਣ ਕਾਰਨ ਪਾਵਰਕਾਮ ਨੂੰ ਡਿਮਰੇਜ ਚਾਰਜ ਦੇਣੇ ਪੈ ਸਕਦੇ ਹਨ। ਮੁਲਾਜ਼ਮ ਆਗੂਆਂ ਅਨੁਸਾਰ ਪਲਾਂਟ ਵਿੱਚ ਕੋਲੇ ਦਾ ਇੱਕ ਰੈਕ ਪਹੁੰਚਿਆ ਹੋਇਆ ਹੈ, ਪਰ ਲੋੜੀਂਦਾ ਸਟਾਫ ਨਾ ਹੋਣ ਕਾਰਨ ਇਸ ਨੂੰ ਖਾਲੀ ਕਰਨ ਵਿੱਚ ਦਿੱਕਤ ਆ ਰਹੀ ਹੈ। ਰੇਲਵੇ ਨਿਯਮਾਂ ਮੁਤਾਬਕ ਰੈਕ ਸੱਤ ਘੰਟਿਆਂ ਅੰਦਰ ਖਾਲੀ ਕਰਨਾ ਹੁੰਦਾ ਹੈ। ਇਸ ਤੋਂ ਬਾਅਦ 10,500 ਰੁਪਏ ਪ੍ਰਤੀ ਘੰਟਾ ਡਿਮਰੇਜ ਚਾਰਜ ਲੱਗਦਾ ਹੈ। ਇਸ ਹਿਸਾਬ ਨਾਲ 24 ਘੰਟਿਆਂ ਵਿੱਚ ਇਹ ਰਕਮ ਕਰੀਬ ਢਾਈ ਲੱਖ ਰੁਪਏ ਬਣਦੀ ਹੈ। ਮੁਲਾਜ਼ਮ ਆਗੂ ਰਾਜਿੰਦਰ ਸਿੰਘ ਨੇ ਕਿਹਾ ਕਿ ਹੜਤਾਲ ਕਾਰਨ ਬਿਜਲੀ ਉਤਪਾਦਨ ਅਤੇ ਪਲਾਂਟ ਦੇ ਹੋਰ ਕੰਮ ਪ੍ਰਭਾਵਿਤ ਹੋ ਰਹੇ ਹਨ।