- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਇਕ ਮ੍ਰਿਤਕ ਵਿਅਕਤੀ 'ਤੇ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ। ਜਦੋਂ ਕਿ ਨਾਮਜ਼ਦ ਕੀਤੇ ਗਏ ਮ੍ਰਿਤਕ ਜੰਗੀਰ ਸਿੰਘ ਪੁੱਤਰ ਜਗਤ ਸਿੰਘ ਦੀ ਮੌਤ 6 ਸਾਲ ਪਹਿਲਾਂ ਹੋ ਚੁੱਕੀ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਇਕ ਮ੍ਰਿਤਕ ਵਿਅਕਤੀ 'ਤੇ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ। ਜਦੋਂ ਕਿ ਨਾਮਜ਼ਦ ਕੀਤੇ ਗਏ ਮ੍ਰਿਤਕ ਜੰਗੀਰ ਸਿੰਘ ਪੁੱਤਰ ਜਗਤ ਸਿੰਘ ਦੀ ਮੌਤ 6 ਸਾਲ ਪਹਿਲਾਂ ਹੋ ਚੁੱਕੀ ਹੈ।
ਦੂਜੇ ਪਾਸੇ ਥਾਣਾ ਭਗਤਾ ਭਾਈਕਾ ਦੇ ਐੱਸਐੱਚਓ ਸਬ-ਇੰਸਪੈਕਟਰ ਪਰਬਤ ਸਿੰਘ ਦਾ ਕਹਿਣਾ ਸੀ ਕਿ ਉਕਤ ਮਾਮਲੇ ਦੀ ਜਾਂਚ ਉੱਪਰੋਂ ਹੋ ਕੇ ਆਈ ਸੀ, ਅਸੀਂ ਤਾਂ ਸਿਰਫ਼ ਐੱਫਆਈਆਰ. ਦਰਜ ਕੀਤੀ ਹੈ। ਪੁਲਿਸ ਦੀ ਇਸ ਲਾਪ੍ਰਵਾਹੀ ਦੀ ਹਰ ਪਾਸੇ ਚਰਚਾ ਹੀ ਨਹੀਂ ਹੋ ਰਹੀ ਸਗੋਂ ਪੁਲਿਸ ਵਿਭਾਗ ਦੀ ਕਿਰਕਿਰੀ ਵੀ ਹੋ ਰਹੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੂੰ ਆਪਣੀ ਜਾਂਚ ਦੌਰਾਨ ਇਹੀ ਪਤਾ ਨਹੀਂ ਲੱਗਾ ਕਿ ਜਿਸ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ਉਸਦੀ ਛੇ ਸਾਲ ਪਹਿਲਾਂ ਮੌਤ ਹੋ ਗਈ ਹੈ ਤਾਂ ਫਿਰ ਇਸ ਕੇਸ ’ਤੇ ਸਵਾਲ ਉਠਣੇ ਸੁਭਾਵਿਕ ਹੈ। ਕੇਸ ਦੀ ਜਾਂਚ ਨੂੰ ਫ਼ਿਰ ਕਿਸ ਤਰ੍ਹਾਂ ਸਹੀ ਠਹਿਰਾਇਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਮਹਿਰਾਜ, ਜ਼ਿਲ੍ਹਾ ਬਠਿੰਡਾ ਨੇ ਅਗਸਤ ਮਹੀਨੇ ਦੀ ਸ਼ੁਰੂਆਤ ਵਿੱਚ ਐੱਸਐੱਸਪੀ. ਬਠਿੰਡਾ ਕੋਲ ਸੁਖਚੈਨ ਸਿੰਘ, ਗੁਰਮੇਜ ਸਿੰਘ, ਚੰਨਾ ਸਿੰਘ, ਬੱਬਾ ਸਿੰਘ, ਛਿੰਦਾ ਸਿੰਘ, ਜੰਗੀਰ ਸਿੰਘ ਅਤੇ ਗੁਰਦੇਵ ਸਿੰਘ ਦੇ ਖ਼ਿਲਾਫ਼ ਜ਼ਮੀਨੀ ਵਿਵਾਦ ਨੂੰ ਲੈ ਕੇ ਸ਼ਿਕਾਇਤ ਦਿੱਤੀ ਸੀ। ਇਸ ਮਾਮਲੇ ਦੀ ਜਾਂਚ ਲਈ ਸ਼ਿਕਾਇਤ ਡੀਐੱਸਪੀ. ਰਾਮਪੁਰਾ ਫੂਲ ਕੋਲ ਭੇਜੀ ਗਈ ਸੀ।
ਥਾਣਾ ਭਗਤਾ ਭਾਈਕਾ ਦੇ ਐੱਸਐੱਚਓ ਸਬ-ਇੰਸਪੈਕਟਰ ਪਰਬਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਡੀਐੱਸਪੀ. ਰਾਮਪੁਰਾ ਫੂਲ ਕੋਲ ਸੀ। ਐੱਸਐੱਚਓ ਨੇ ਦੱਸਿਆ ਕਿ ਜਦੋਂ ਡੀਐੱਸਪੀ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਉਕਤ ਸੱਤ ਵਿਅਕਤੀਆਂ ਨੂੰ ਬੁਲਾਇਆ ਤਾਂ ਉਹ ਲੋਕ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਐੱਸਐੱਚਓ ਅਨੁਸਾਰ ਜਦੋਂ ਉਕਤ ਮਾਮਲੇ ਦੀ ਜਾਂਚ ਵਿੱਚ ਸੱਤੇ ਲੋਕ ਸ਼ਾਮਲ ਨਹੀਂ ਹੋਏ ਤਾਂ ਸਾਰੇ ਐਕਸ-ਪਾਰਟੀ (ਇੱਕਤਰਫ਼ਾ) ਹੋ ਗਏ ਸਨ, ਜਿਸ ਤੋਂ ਬਾਅਦ ਉਕਤ ਸੱਤ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਲਈ ਸ਼ਿਕਾਇਤ ਉਨ੍ਹਾਂ ਕੋਲ ਥਾਣੇ ਭੇਜੀ ਗਈ ਸੀ।
ਐੱਸਐੱਚਓ ਨੇ ਦੱਸਿਆ ਕਿ ਉਕਤ ਸ਼ਿਕਾਇਤ ਅਤੇ ਜਾਂਚ ਮਿਲਣ ਤੋਂ ਬਾਅਦ ਉਨ੍ਹਾਂ ਨੇ ਸੱਤ ਲੋਕਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਸੀ। ਐੱਸਐੱਚਓ ਨੇ ਦੱਸਿਆ ਕਿ ਜਦੋਂ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਤਾਂ ਜਾਂਚ ਦੌਰਾਨ ਖ਼ੁਲਾਸਾ ਹੋਇਆ ਕਿ ਨਾਮਜ਼ਦ ਜੰਗੀਰ ਸਿੰਘ ਦੀ ਮੌਤ ਹੋ ਚੁੱਕੀ ਹੈ।