- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਅਨੁਸਾਰ ਦਲਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਹੱਥਾਂ ਵਿੱਚ ਕੁਹਾੜੀਆਂ ਲੈ ਕੇ ਦੁਕਾਨ ਅੰਦਰ ਦਾਖ਼ਲ ਹੋਏ। ਦੋਸ਼ ਹੈ ਕਿ ਇੱਕ ਹਮਲਾਵਰ ਨੇ ਉਸ ਦੇ ਸਿਰ 'ਤੇ ਕੁਹਾੜੀ ਨਾਲ ਵਾਰ ਕੀਤਾ, ਜਦਕਿ ਦਲਜੀਤ ਸਿੰਘ ਨੇ ਉਸ ਦੇ ਗੋਡੇ 'ਤੇ ਹਮਲਾ ਕੀਤਾ। ਹਮਲੇ ਦੌਰਾਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ।
ਪੰਜਾਬੀ ਜਾਗਰਣ ਟੀਮ, ਭਗਤਾ ਭਾਈਕਾ : ਭਗਤਾ ਭਾਈਕਾ ਵਿੱਚ ਵੀਰਵਾਰ ਨੂੰ ਇੱਕ ਕੱਪੜਾ ਵਪਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ 'ਤੇ ਦਿਨ ਦਿਹਾੜੇ ਕੁਹਾੜੀ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਕਾਲੋਨੀ ਭਗਤਾ ਭਾਈਕਾ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਭਾਈ ਬਹਿਲੇ ਰੋਡ 'ਤੇ “ਲਵਲੀ ਗਾਰਮੈਂਟਸ” ਨਾਮ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਵੀਰਵਾਰ ਸਵੇਰੇ ਕਰੀਬ 11 ਵਜੇ ਇੱਕ ਕਾਰ ਵਿੱਚ ਸਵਾਰ ਚਾਰ ਵਿਅਕਤੀ ਉਸ ਦੀ ਦੁਕਾਨ 'ਤੇ ਆਏ, ਜਿਨ੍ਹਾਂ ਵਿੱਚ ਦਲਜੀਤ ਸਿੰਘ, ਉਸ ਦਾ ਮਾਮਾ ਬੋਹੜ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਸਨ।
ਸ਼ਿਕਾਇਤਕਰਤਾ ਅਨੁਸਾਰ ਦਲਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਹੱਥਾਂ ਵਿੱਚ ਕੁਹਾੜੀਆਂ ਲੈ ਕੇ ਦੁਕਾਨ ਅੰਦਰ ਦਾਖ਼ਲ ਹੋਏ। ਦੋਸ਼ ਹੈ ਕਿ ਇੱਕ ਹਮਲਾਵਰ ਨੇ ਉਸ ਦੇ ਸਿਰ 'ਤੇ ਕੁਹਾੜੀ ਨਾਲ ਵਾਰ ਕੀਤਾ, ਜਦਕਿ ਦਲਜੀਤ ਸਿੰਘ ਨੇ ਉਸ ਦੇ ਗੋਡੇ 'ਤੇ ਹਮਲਾ ਕੀਤਾ। ਹਮਲੇ ਦੌਰਾਨ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਰੌਲਾ ਪੈਣ 'ਤੇ ਸਾਰੇ ਹਮਲਾਵਰ ਹਥਿਆਰਾਂ ਸਮੇਤ ਕਾਰ ਵਿੱਚ ਫ਼ਰਾਰ ਹੋ ਗਏ।
ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਤੋਂ ਕਰੀਬ ਇੱਕ ਘੰਟਾ ਪਹਿਲਾਂ ਦਲਜੀਤ ਸਿੰਘ ਦੀ ਮਾਤਾ ਉਸ ਦੀ ਦੁਕਾਨ ਅੱਗੋਂ ਲੰਘੀ ਸੀ। ਉਸ ਨੇ ਦੋਸ਼ ਲਾਇਆ ਕਿ ਕੁਝ ਸਮਾਂ ਪਹਿਲਾਂ ਦਲਜੀਤ ਸਿੰਘ ਦੀ ਮਾਤਾ ਵੱਲੋਂ ਉਸ ਦੀ ਧੀ ਨਾਲ ਕਥਿਤ ਤੌਰ 'ਤੇ ਗਾਲੀ-ਗਲੌਚ ਕੀਤੀ ਗਈ ਸੀ, ਜਿਸ ਦਾ ਉਸ ਨੇ ਵਿਰੋਧ ਕੀਤਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ 'ਤੇ ਇਹ ਹਮਲਾ ਕੀਤਾ ਗਿਆ।
ਘਟਨਾ ਤੋਂ ਬਾਅਦ ਜ਼ਖ਼ਮੀ ਨੂੰ ਸਿਵਲ ਹਸਪਤਾਲ ਭਗਤਾ ਭਾਈਕਾ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਮੁਤਾਬਕ ਮੈਡੀਕਲ ਜਾਂਚ ਦੌਰਾਨ ਉਸ ਦੇ ਸਰੀਰ 'ਤੇ ਚਾਰ ਸੱਟਾਂ ਦਰਜ ਕੀਤੀਆਂ ਗਈਆਂ ਹਨ।
ਥਾਣਾ ਭਗਤਾ ਭਾਈਕਾ ਪੁਲਿਸ ਨੇ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਦਲਜੀਤ ਸਿੰਘ, ਬੋਹੜ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।