ਮੰਗਾਂ ਨੂੰ ਲੈ ਕੇ ਸੀਐੱਚਓਜ਼ ਦੀ ਹੜਤਾਲ ਜਾਰੀ, 10 ਨੂੰ ਮੁੱਖ ਦਫ਼ਤਰ ਅੱਗੇ ਧਰਨੇ ਦਾ ਐਲਾਨ ਮੰਗਾਂ ਨੂੰ ਲੈ ਕੇ ਸੀਐਚਓਜ਼ ਦੀ ਹੜਤਾਲ ਜਾਰੀ, 10 ਅਗਸਤ ਨੂੰ ਮੁੱਖ ਦਫ਼ਤਰ ਅੱਗੇ ਧਰਨੇ ਦਾ ਐਲਾਨ
Publish Date: Thu, 06 Aug 2026 04:52 PM (IST)
Updated Date: Fri, 07 Aug 2026 04:02 AM (IST)
ਸੀਐੱਮਓ ਦਫ਼ਤਰ ਅੱਗੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਸੀਐਚਓ ਐਸੋਸੀਏਸ਼ਨ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਅਤੇ ਭਰੋਸਿਆਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਕਰਮਚਾਰੀਆਂ ਵਿੱਚ ਰੋਸ ਲਗਾਤਾਰ ਵੱਧ ਰਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇਣ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਇਨ੍ਹਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ਦੇ ਬਾਵਜੂਦ ਨਿਰਧਾਰਿਤ ਦਿਨ ਮੁਲਾਕਾਤ ਨਹੀਂ ਹੋ ਸਕੀ, ਜਿਸ ਨਾਲ ਸੀਐਚਓਜ਼ ਵਿੱਚ ਨਿਰਾਸ਼ਾ ਹੋਰ ਵੱਧ ਗਈ ਹੈ। ਸੀਐੱਚਓ ਐਸੋਸੀਏਸ਼ਨ ਦੀ ਆਗੂ ਰਮਨਵੀਰ ਕੌਰ ਨੇ ਕਿਹਾ ਕਿ 5,000 ਰੁਪਏ ਤਨਖ਼ਾਹ ਵਾਧੇ ਦੀ ਮੰਗ ਨੂੰ ਸਰਕਾਰ ਵੱਲੋਂ ਪ੍ਰੋਤਸਾਹਨ ਰਾਸ਼ੀ (ਇੰਸੈਂਟਿਵ) ਅਤੇ ਬੈਂਚਮਾਰਕ ਦੀਆਂ ਸ਼ਰਤਾਂ ਨਾਲ ਜੋੜ ਦਿੱਤਾ ਗਿਆ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਅਸੰਤੁਸ਼ਟੀ ਹੈ। ਉਨ੍ਹਾਂ ਕਿਹਾ ਕਿ ਲੌਇਲਟੀ ਬੋਨਸ, ਨਿਯਮਤ ਕੈਡਰ ਦੀ ਸਥਾਪਨਾ ਅਤੇ ਤਨਖ਼ਾਹ ਨੂੰ ਇੰਸੈਂਟਿਵ ਨਾਲ ਜੋੜਨ ਸਮੇਤ ਹੋਰ ਮੰਗਾਂ ਬਾਰੇ ਵੀ ਸਰਕਾਰ ਨੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਕੀਤਾ। ਯੂਨੀਅਨ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਕਥਿਤ ਵਾਅਦਾ-ਖ਼ਿਲਾਫ਼ੀ ਦੇ ਮਾਮਲੇ ਨੂੰ ਹੁਣ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਲਈ ਆਉਣ ਵਾਲੇ ਦਿਨਾਂ ਵਿੱਚ ਜਨ-ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਨੂੰ ਸੰਘਰਸ਼ ਦੇ ਕਾਰਨਾਂ ਅਤੇ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸੇ ਤਹਿਤ 10 ਅਗਸਤ ਨੂੰ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਪੰਜਾਬ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਸ਼ਮੂਲੀਅਤ ਕਰਨਗੇ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਤੇ ਸਕਾਰਾਤਮਕ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਵੀ ਵੱਡੀ ਗਿਣਤੀ ਵਿੱਚ ਸੀਐਚਓ ਹਾਜ਼ਰ ਸਨ।