ਜੁਲਾਈ ਵਿੱਚ ਸਿਰਫ਼ 124.2 ਐਮਐਮ ਮੀਂਹ, ਝੋਨੇ ਨੂੰ ਮਿਲਿਆ ਸਹਾਰਾ, ਨਰਮੇ ਲਈ ਵਰਖਾ ਬਣੀ ਵਰਦਾਨ ਜੁਲਾਈ ਵਿੱਚ ਸਿਰਫ਼ 124.2 ਐਮਐਮ ਮੀਂਹ, ਝੋਨੇ ਨੂੰ ਮਿਲਿਆ ਸਹਾਰਾ, ਨਰਮੇ ਲਈ ਵਰਖਾ ਬਣੀ ਵਰਦਾਨ
Publish Date: Wed, 29 Jul 2026 06:08 PM (IST)
Updated Date: Thu, 30 Jul 2026 04:01 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਠਿੰਡਾ ਵਿੱਚ ਜੁਲਾਈ ਮਹੀਨੇ ਦੌਰਾਨ ਕੁੱਲ ਛੇ ਤੋਂ ਸੱਤ ਦਿਨ ਹੋਈ ਵਰਖਾ ਨੇ ਜਿੱਥੇ ਝੋਨੇ ਦੀ ਫ਼ਸਲ ਨੂੰ ਵੱਡੀ ਰਾਹਤ ਦਿੱਤੀ ਹੈ, ਉੱਥੇ ਹੀ ਨਰਮੇ ਦੀ ਫ਼ਸਲ ਲਈ ਇਹ ਮੀਂਹ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਹੋਈ ਵਰਖਾ ਕਾਰਨ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਅਤੇ ਭੂਰੀ ਜੂੰ ਵਰਗੇ ਕੀੜਿਆਂ ਦਾ ਪ੍ਰਕੋਪ ਘਟਣ ਦੀ ਸੰਭਾਵਨਾ ਹੈ। ਇਸ ਨਾਲ ਕਿਸਾਨਾਂ ਨੂੰ ਕੀਟਨਾਸ਼ਕਾਂ ਤੇ ਹੋਣ ਵਾਲਾ ਖ਼ਰਚ ਵੀ ਘਟੇਗਾ ਅਤੇ ਫ਼ਸਲ ਦੀ ਪੈਦਾਵਾਰ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਭਾਵੇਂ ਜੁਲਾਈ ਮਹੀਨੇ ਦੌਰਾਨ ਹੋਈ ਵਰਖਾ ਨੇ ਖੇਤੀਬਾੜੀ ਨੂੰ ਰਾਹਤ ਦਿੱਤੀ ਹੈ, ਪਰ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਦੌਰਾਨ ਕੁੱਲ 124.2 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ, ਜੋ ਆਮ ਔਸਤ ਦੇ ਮੁਕਾਬਲੇ ਘੱਟ ਮੰਨਿਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ 2 ਜੁਲਾਈ ਨੂੰ ਸਭ ਤੋਂ ਵੱਧ 56 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ 8 ਜੁਲਾਈ ਨੂੰ 1.8 ਮਿਲੀਮੀਟਰ, 21 ਜੁਲਾਈ ਨੂੰ 11.6 ਮਿਲੀਮੀਟਰ, 22 ਜੁਲਾਈ ਨੂੰ 5.4 ਮਿਲੀਮੀਟਰ, 24 ਜੁਲਾਈ ਨੂੰ 1.8 ਮਿਲੀਮੀਟਰ, 25 ਜੁਲਾਈ ਨੂੰ 1.6 ਮਿਲੀਮੀਟਰ ਅਤੇ 28 ਜੁਲਾਈ ਨੂੰ 46 ਮਿਲੀਮੀਟਰ ਵਰਖਾ ਹੋਈ। ਇਹ ਮੀਂਹ ਵੱਖ-ਵੱਖ ਪੜਾਵਾਂ ਵਿੱਚ ਹੋਣ ਕਾਰਨ ਖੇਤਾਂ ਵਿੱਚ ਨਮੀ ਬਣੀ ਰਹੀ ਅਤੇ ਫ਼ਸਲਾਂ ਨੂੰ ਲਗਾਤਾਰ ਲਾਭ ਮਿਲਦਾ ਰਿਹਾ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਇਸ ਸਮੇਂ ਵਾਧੇ ਦੇ ਅਹਿਮ ਪੜਾਅ ਵਿੱਚ ਹੈ ਅਤੇ ਇਸ ਦੌਰਾਨ ਮਿਲੀ ਵਰਖਾ ਕਾਰਨ ਖੇਤਾਂ ਵਿੱਚ ਲੋੜੀਂਦੀ ਨਮੀ ਬਣੀ ਰਹੀ। ਇਸ ਨਾਲ ਟਿਊਬਵੈੱਲਾਂ ਰਾਹੀਂ ਸਿੰਚਾਈ ਦੀ ਲੋੜ ਘਟੀ ਹੈ, ਜਿਸ ਨਾਲ ਬਿਜਲੀ ਦੀ ਬਚਤ ਦੇ ਨਾਲ-ਨਾਲ ਕਿਸਾਨਾਂ ਦੇ ਡੀਜ਼ਲ ਅਤੇ ਹੋਰ ਖ਼ਰਚਿਆਂ ਵਿੱਚ ਵੀ ਕਮੀ ਆਈ ਹੈ। ਨਰਮੇ ਦੀ ਫ਼ਸਲ ਲਈ ਵੀ ਇਹ ਵਰਖਾ ਕਾਫ਼ੀ ਲਾਭਕਾਰੀ ਮੰਨੀ ਜਾ ਰਹੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਇਸ ਸਮੇਂ ਵਾਧੇ ਦੇ ਅਹਿਮ ਪੜਾਅ ਵਿੱਚ ਹੈ ਅਤੇ ਇਸ ਦੌਰਾਨ ਮਿਲੀ ਵਰਖਾ ਕਾਰਨ ਖੇਤਾਂ ਵਿੱਚ ਲੋੜੀਂਦੀ ਨਮੀ ਬਣੀ ਰਹੀ। ਇਸ ਨਾਲ ਟਿਊਬਵੈੱਲਾਂ ਰਾਹੀਂ ਸਿੰਚਾਈ ਦੀ ਲੋੜ ਘਟੀ ਹੈ, ਜਿਸ ਨਾਲ ਬਿਜਲੀ ਦੀ ਬਚਤ ਦੇ ਨਾਲ-ਨਾਲ ਕਿਸਾਨਾਂ ਦੇ ਡੀਜ਼ਲ ਅਤੇ ਹੋਰ ਖ਼ਰਚਿਆਂ ਵਿੱਚ ਵੀ ਕਮੀ ਆਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੁਲਾਈ ਦੌਰਾਨ ਕੁੱਲ ਵਰਖਾ ਆਮ ਨਾਲੋਂ ਘੱਟ ਰਹੀ ਹੈ, ਪਰ ਮਹੀਨੇ ਦੇ ਅੰਤ ਵਿੱਚ ਹੋਈ ਚੰਗੀ ਵਰਖਾ ਨੇ ਖੇਤੀ ਸੈਕਟਰ ਨੂੰ ਕਾਫ਼ੀ ਰਾਹਤ ਦਿੱਤੀ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਬੱਦਲਵਾਈ ਅਤੇ ਛਿੱਟੇ ਪੈਣ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਗਸਤ ਮਹੀਨੇ ਦੌਰਾਨ ਵੀ ਦਰਮਿਆਨੀ ਵਰਖਾ ਹੁੰਦੀ ਰਹੀ ਤਾਂ ਝੋਨੇ ਅਤੇ ਨਰਮੇ ਦੋਵਾਂ ਫ਼ਸਲਾਂ ਲਈ ਇਹ ਬਹੁਤ ਫ਼ਾਇਦੇਮੰਦ ਸਾਬਤ ਹੋਵੇਗੀ। ਕੁੱਲ ਮਿਲਾ ਕੇ ਜੁਲਾਈ ਮਹੀਨੇ ਵਿੱਚ ਦਰਜ ਹੋਈ 124.2 ਮਿਲੀਮੀਟਰ ਵਰਖਾ ਭਾਵੇਂ ਮਾਤਰਾ ਦੇ ਹਿਸਾਬ ਨਾਲ ਘੱਟ ਰਹੀ ਹੋਵੇ, ਪਰ ਇਸ ਦਾ ਸਮੇਂ ਸਿਰ ਹੋਣਾ ਜ਼ਿਲ੍ਹੇ ਦੀਆਂ ਮੁੱਖ ਫ਼ਸਲਾਂ ਲਈ ਲਾਭਦਾਇਕ ਸਾਬਤ ਹੋਇਆ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫ਼ਸਲਾਂ ਦੀ ਨਿਯਮਿਤ ਨਿਗਰਾਨੀ ਕਰਦੇ ਰਹਿਣ ਅਤੇ ਕੀੜਿਆਂ ਦੀ ਗਿਣਤੀ ਆਰਥਿਕ ਨੁਕਸਾਨ ਦੇ ਪੱਧਰ ਤੋਂ ਵੱਧ ਹੋਣ ਤੇ ਹੀ ਸਿਫ਼ਾਰਸ਼ੀ ਦਵਾਈਆਂ ਦੀ ਵਰਤੋਂ ਕਰਨ।