ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ’ਤੇ ਅਕਾਲੀ ਦਲ ਦਾ ਕਬਜ਼ਾ, ਸਵਰਨ ਸਿੰਘ ਪੂਹਲੀ ਚੇਅਰਮੈਨ, ਜਸਕਰਨ ਕੌਰ ਵਾਈਸ ਚੇਅਰਮੈਨ ਚੁਣੇ ਬਠਿੰਡਾ ਜ਼ਿਲ੍ਹਾ ਪ੍ਰੀਸ਼ਦ ’ਤੇ ਅਕਾਲੀ ਦਲ ਦਾ ਕਬਜਾ, ਸਵਰਨ ਸਿੰਘ ਪੂਹਲੀ ਬਣੇ ਚੇਅਰਮੈਨ, ਜਸਕਰਨ ਕੌਰ ਵਾਇਸ ਚੇਅਰਮੈਨ ਚੁਣੇ
Publish Date: Wed, 29 Jul 2026 05:03 PM (IST)
Updated Date: Thu, 30 Jul 2026 04:01 AM (IST)
ਸ੍ਰੋਮਣੀ ਅਕਾਲੀ ਦਲ ਕੋਲ ਸਨ 18 ਮੈਂਬਰ, ਆਮ ਆਦਮੀ ਪਾਰਟੀ ਕੋਲ ਸੀ 7, ਆਪ ਦਾ ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਹੀਂ ਹੋਇਆ ਹਾਜ਼ਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ :ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਅੱਜ ਸਰਬਸੰਮਤੀ ਨਾਲ ਸੰਪੰਨ ਹੋ ਗਈ। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਵਰਨ ਸਿੰਘ ਪੂਹਲੀ ਨੂੰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦਾ ਚੇਅਰਮੈਨ ਚੁਣਿਆ ਗਿਆ, ਜਦੋਂਕਿ ਜਸਕਰਨ ਕੌਰ ਨੂੰ ਸਰਬਸੰਮਤੀ ਨਾਲ ਉਪ ਚੇਅਰਮੈਨ (ਵਾਈਸ ਚੇਅਰਮੈਨ) ਦੀ ਜ਼ਿੰਮੇਵਾਰੀ ਸੌਂਪੀ ਗਈ। ਆਮ ਆਦਮੀ ਪਾਰਟੀ ਕੋਲ ਬਹੁਮਤ ਨਾ ਹੋਣ ਕਾਰਨ ਉਸ ਦਾ ਕੋਈ ਵੀ ਮੈਂਬਰ ਚੋਣ ਪ੍ਰਕਿਰਿਆ ਵਿੱਚ ਹਾਜ਼ਰ ਨਹੀਂ ਹੋਇਆ। ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੀਤੇ ਦੋ ਅਬਜ਼ਰਵਰਾਂ ਦੀ ਦੇਖੇ ਰੇਖ ਹੇਠ ਵਧੀਕ ਡਿਪਟੀ ਕਮਿਸ਼ਨਰ ਨੇ ਇਹ ਚੋਣ ਕਰਵਾਈ। ਜ਼ਿਲ੍ਹਾ ਪ੍ਰੀਸ਼ਦ ਦੀ ਇਸ ਚੋਣ ਨੂੰ ਸ੍ਰੋਮਣੀ ਅਕਾਲੀ ਦਲ ਲਈ ਵੱਡੀ ਸਿਆਸੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ 17 ਸੀਟਾਂ ਵਿੱਚੋਂ ਸ੍ਰੋਮਣੀ ਅਕਾਲੀ ਦਲ ਨੇ 13 ਸੀਟਾਂ ਤੇ ਜਿੱਤ ਦਰਜ ਕਰਕੇ ਸਪੱਸ਼ਟ ਬੜ੍ਹਤ ਹਾਸਲ ਕੀਤੀ ਸੀ, ਜਦੋਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਾਰ ਸੀਟਾਂ ਤੇ ਜੇਤੂ ਰਹੇ ਸਨ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਅੱਠ ਬਲਾਕ ਸੰਮਤੀਆਂ ਵਿੱਚੋਂ ਪੰਜ ਤੇ ਵੀ ਸ੍ਰੋਮਣੀ ਅਕਾਲੀ ਦਲ ਨੇ ਆਪਣਾ ਕਬਜ਼ਾ ਕਾਇਮ ਕੀਤਾ ਸੀ, ਜਿਸ ਕਾਰਨ ਪੰਜ ਬਲਾਕ ਸੰਮਤੀ ਚੇਅਰਮੈਨਾਂ ਦੀਆਂ ਵੋਟਾਂ ਵੀ ਅਕਾਲੀ ਦਲ ਦੇ ਹੱਕ ਵਿੱਚ ਪਈਆਂ। ਇਸ ਤਰ੍ਹਾਂ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਲਈ ਸ੍ਰੋਮਣੀ ਅਕਾਲੀ ਦਲ ਕੋਲ ਕੁੱਲ 18 ਵੋਟਾਂ ਸਨ, ਜਦੋਂਕਿ ਆਮ ਆਦਮੀ ਪਾਰਟੀ ਕੋਲ ਸੱਤ ਵੋਟਾਂ ਹੀ ਸਨ। ਸਪੱਸ਼ਟ ਬਹੁਮਤ ਹੋਣ ਕਾਰਨ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ। ਚੋਣ ਨਤੀਜਿਆਂ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਇਸ ਮੌਕੇ ਤੇ ਸਵਰਨ ਸਿੰਘ ਪੂਹਲੀ ਅਤੇ ਜਸਕਰਨ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਸ੍ਰੋਮਣੀ ਅਕਾਲੀ ਦਲ ਦੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਤੋਂ ਜਾਣੂ ਹਨ ਅਤੇ ਉਹ ਵਿਕਾਸ ਅਤੇ ਲੋਕ ਭਲਾਈ ਦੀ ਰਾਜਨੀਤੀ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਪੇਂਡੂ ਵਿਕਾਸ ਨੂੰ ਨਵੀਆਂ ਬੁਲੰਦੀਆਂ ਤਕ ਲਿਜਾਣ ਲਈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਰਾਹੀਂ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾਵੇਗਾ। ਨਵੇਂ ਚੁਣੇ ਗਏ ਚੇਅਰਮੈਨ ਸਵਰਨ ਸਿੰਘ ਪੂਹਲੀ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਜਨੇਮਜਾ ਸਿੰਘ ਸੇਖੋਂ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ਼ ਡਾ. ਦਲਜੀਤ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਅਤੇ ਸਮੁੱਚੀ ਲੀਡਰਸ਼ਿਪ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ ਅਤੇ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਮਿਲ ਕੇ ਕੰਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਤੇਜ ਸਿੰਘ ਭੇਜੀ, ਨੌਜਵਾਨ ਅਕਾਲੀ ਆਗੂ ਇਬਕਾਲਜੀਤ ਸਿੰਘ ਪੂਹਲੀ, ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਨਰਦੇਵ ਸਿੰਘ ਪੂਹਲੀ, ਗਰਟੇਕ ਸਿੰਘ ਪੂਹਲੀ, ਹਰਬੰਸ ਸਿੰਘ ਭੋਲਾ ਅਕਾਲੀ, ਸੀਨੀਅਰ ਅਕਾਲੀ ਆਗੂ ਗਰਦੌਰ ਸਿੰਘ, ਹਰਮੀਤ ਸਿੰਘ ਜੰਡਾਂਵਾਲਾ, ਸਿਕੰਦਰ ਸਿੰਘ ਲਹਿਰਾ ਬੇਗਾ, ਅਕਾਸ਼ਦੀਪ ਸਿੰਘ ਪੂਹਲੀ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਹਾਜ਼ਰ ਸਨ।