ਬਾਲਿਆਂਵਾਲੀ ’ਚ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਕੀਤਾ ਵਿਰੋਧ ਬਾਲਿਆਂਵਾਲੀ ’ਚ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਕੀਤਾ ਵਿਰੋਧ
Publish Date: Thu, 16 Jul 2026 06:47 PM (IST)
Updated Date: Fri, 17 Jul 2026 04:07 AM (IST)
ਲੋਕ ਮਿਲਣੀ ’ਚ ਜਾਣ ਤੋਂ ਰੋਕਣ ਦੇ ਦੋਸ਼, ਵਿਧਾਇਕ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ; ਵਿਕਾਸ ਕਾਰਜਾਂ ਤੇ ਲਟਕਦੇ ਮਸਲਿਆਂ ਤੇ ਮੰਗੇ ਜਵਾਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਲਿਆਂਵਾਲੀ : ਹਲਕਾ ਮੌੜ ਦੇ ਪਿੰਡ ਬਾਲਿਆਂਵਾਲੀ ਵਿੱਚ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਲੋਕ ਮਿਲਣੀ ਦੌਰਾਨ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਪਿੰਡ ਦੀ ਪੰਚਾਇਤ, ਸੰਘਰਸ਼ ਕਮੇਟੀ, ਕਿਸਾਨ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦਾ ਵਿਰੋਧ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਲੋਕ ਮਿਲਣੀ ਵਿੱਚ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਤੋਂ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਸਟੇਜ ਦੇ ਅੱਗੇ ਮਨੁੱਖੀ ਚੇਨ ਬਣਾ ਕੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਰਾਮ ਲੀਲਾ ਗਰਾਊਂਡ ਵਿੱਚ ਕਰਵਾਈ ਗਈ, ਇਸ ਲੋਕ ਮਿਲਣੀ ਦੌਰਾਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪਿੰਡ ਵਿੱਚ ਕਰਵਾਏ ਵਿਕਾਸ ਕਾਰਜਾਂ ਦਾ ਵੇਰਵਾ ਦੇ ਰਹੇ ਸਨ। ਇਸ ਦੌਰਾਨ ਪਿੰਡ ਦੀ ਪੰਚਾਇਤ, ਸੰਘਰਸ਼ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਵਾਲ ਕੀਤਾ ਕਿ ਜੇਕਰ ਪਿੰਡ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜ ਹੋਏ ਹਨ ਤਾਂ ਉਹ ਜ਼ਮੀਨੀ ਪੱਧਰ ਤੇ ਕਿੱਥੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ। ਇਸ ਦੌਰਾਨ ਇੱਕ ਪਾਸੇ ਵਿਧਾਇਕ ਸਟੇਜ ਤੋਂ ਆਪਣੇ ਭਾਸ਼ਣ ਨੂੰ ਜਾਰੀ ਰੱਖਦੇ ਰਹੇ, ਜਦਕਿ ਦੂਜੇ ਪਾਸੇ ਲੋਕ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇ ਲਗਾਉਂਦੇ ਰਹੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਵਿਧਾਇਕ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਰਹੇ, ਜਿਸ ਨਾਲ ਕੁਝ ਸਮੇਂ ਲਈ ਮਾਹੌਲ ਗਰਮਾ ਗਿਆ। ਪਿੰਡ ਦੀ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ ਨੇ ਸਟੇਜ ਤੋਂ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਅਤੇ ਸੰਘਰਸ਼ ਕਮੇਟੀ ਨਾਲ ਸਿਰਫ਼ 10 ਮਿੰਟ ਲਈ ਟੇਬਲ-ਟਾਕ ਕਰਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ। ਉਨ੍ਹਾਂ ਕਿਹਾ ਕਿ ਪਿੰਡ ਦੇ ਕਈ ਅਹਿਮ ਮਸਲੇ ਲੰਬੇ ਸਮੇਂ ਤੋਂ ਹੱਲ ਦੀ ਉਡੀਕ ਕਰ ਰਹੇ ਹਨ ਅਤੇ ਲੋਕ ਸਿੱਧੇ ਤੌਰ ਤੇ ਆਪਣੇ ਚੁਣੇ ਹੋਏ ਨੁਮਾਇੰਦੇ ਤੋਂ ਜਵਾਬ ਚਾਹੁੰਦੇ ਹਨ। ਦੋਸ਼ ਹੈ ਕਿ ਇਸ ਤੇ ਵਿਧਾਇਕ ਨੇ ਕਿਹਾ ਕਿ ਇਹ ਸਿਆਸੀ ਵਿਰੋਧ ਹੈ ਅਤੇ ਵਿਰੋਧੀ ਧਿਰਾਂ ਦਾ ਕੰਮ ਅਜਿਹੇ ਮਾਹੌਲ ਪੈਦਾ ਕਰਨਾ ਹੁੰਦਾ ਹੈ। ਇਸ ਦੇ ਬਾਵਜੂਦ ਪਿੰਡ ਵਾਸੀ ਲਗਾਤਾਰ ਆਪਣੇ ਸਵਾਲਾਂ ਦੇ ਜਵਾਬ ਮੰਗਦੇ ਰਹੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਵਿਰੋਧ ਕਿਸੇ ਸਿਆਸੀ ਮਕਸਦ ਨਾਲ ਨਹੀਂ, ਸਗੋਂ ਪਿੰਡ ਦੇ ਅਸਲ ਮੁੱਦਿਆਂ ਨੂੰ ਉਠਾਉਣ ਲਈ ਹੈ। ਪ੍ਰੋਗਰਾਮ ਦੌਰਾਨ ਵਿਧਾਇਕ ਨੇ ਇਹ ਵੀ ਕਿਹਾ ਕਿ ਪੁਲਿਸ ਥਾਣੇ ਨਾਲ ਸਬੰਧਤ ਮਾਮਲਾ ਪੁਰਾਣਾ ਹੈ ਅਤੇ ਦਰਜ ਹੋਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਉਹ ਖ਼ੁਦ ਅੱਗੇ ਹੋ ਕੇ ਯਤਨ ਕਰਨਗੇ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਇਸ ਭਰੋਸੇ ਨਾਲ ਸੰਤੁਸ਼ਟੀ ਨਾ ਜਤਾਉਂਦਿਆਂ ਆਪਣੇ ਸਵਾਲਾਂ ਦੇ ਸਪੱਸ਼ਟ ਜਵਾਬ ਮੰਗੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵਿਧਾਇਕ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ ਤਾਂ ਉਹ ਪ੍ਰੋਗਰਾਮ ਸਮਾਪਤ ਕਰਕੇ ਉੱਥੋਂ ਰਵਾਨਾ ਹੋ ਗਏ। ਇਸ ਤੋਂ ਬਾਅਦ ਪੰਚਾਇਤ, ਸੰਘਰਸ਼ ਕਮੇਟੀ, ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੋਕਤੰਤਰੀ ਢੰਗ ਨਾਲ ਆਪਣੇ ਹੱਕਾਂ ਅਤੇ ਪਿੰਡ ਦੇ ਵਿਕਾਸ ਨਾਲ ਜੁੜੇ ਮਸਲਿਆਂ ਦੀ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡ ਦੇ ਲੰਬਿਤ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇ ਅਤੇ ਲੋਕਾਂ ਨਾਲ ਸੰਵਾਦ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣ।