ਗੈਰ-ਕਾਨੂੰਨੀ ਈ-ਰਿਕਸ਼ਿਆਂ ਖ਼ਿਲਾਫ਼ ਆਰਟੀਓ ਸਖ਼ਤ, ਕੱਟੇ ਚਲਾਨ, ਕਈ ਵਾਹਨ ਜ਼ਬਤ ਗੈਰ-ਕਾਨੂੰਨੀ ਈ-ਰਿਕਸ਼ਿਆਂ ਖ਼ਿਲਾਫ਼ ਆਰਟੀਓ ਦੀ ਵੱਡੀ ਕਾਰਵਾਈ, ਫੌਜੀ ਚੌਕ 'ਤੇ ਨਾਕਾਬੰਦੀ ਕਰਕੇ ਕੱਟੇ ਚਲਾਨ,ਕਈ ਵਾਹਨ ਕੀਤੇ ਜ਼ਬਤ
Publish Date: Thu, 16 Jul 2026 06:18 PM (IST)
Updated Date: Fri, 17 Jul 2026 04:04 AM (IST)
ਬਿਨਾਂ ਰਜਿਸਟ੍ਰੇਸ਼ਨ ਅਤੇ ਅਧੂਰੇ ਦਸਤਾਵੇਜ਼ਾਂ ਨਾਲ ਚੱਲ ਰਹੇ ਈ-ਰਿਕਸ਼ਿਆਂ ਤੇ ਸਖ਼ਤੀ, ਹਰ ਵਾਹਨ ਦੀ ਕੀਤੀ ਗਈ ਜਾਂਚ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਸ਼ਹਿਰ ਦੀਆਂ ਸੜਕਾਂ ਤੇ ਲੰਬੇ ਸਮੇਂ ਤੋਂ ਬਿਨਾਂ ਰਜਿਸਟ੍ਰੇਸ਼ਨ ਅਤੇ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਚੱਲ ਰਹੇ ਈ-ਰਿਕਸ਼ਿਆਂ ਖ਼ਿਲਾਫ਼ ਟਰਾਂਸਪੋਰਟ ਵਿਭਾਗ ਨੇ ਸਖ਼ਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਆਰਟੀਓ ਕਪਿਲ ਜਿੰਦਲ ਦੀ ਅਗਵਾਈ ਹੇਠ ਫੌਜੀ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਈ-ਰਿਕਸ਼ਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮੁਹਿੰਮ ਦੌਰਾਨ ਚੌਕ ਵਿੱਚੋਂ ਲੰਘਣ ਵਾਲੇ ਹਰ ਈ-ਰਿਕਸ਼ੇ ਨੂੰ ਰੋਕ ਕੇ ਉਸ ਦੇ ਰਜਿਸਟ੍ਰੇਸ਼ਨ, ਪਰਮਿਟ, ਬੀਮਾ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਕਈ ਈ-ਰਿਕਸ਼ੇ ਮੋਟਰ ਵਾਹਨ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਮਿਲੇ। ਅਜਿਹੇ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਕਈ ਈ-ਰਿਕਸ਼ਿਆਂ ਨੂੰ ਜ਼ਬਤ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ। ਕੁਝ ਚਾਲਕ ਪਹਿਲੀ ਵਾਰ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ, ਜਿਨ੍ਹਾਂ ਨੂੰ ਸਖ਼ਤ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਭਵਿੱਖ ਵਿੱਚ ਸਾਰੇ ਦਸਤਾਵੇਜ਼ ਪੂਰੇ ਰੱਖਣ ਦੀ ਹਦਾਇਤ ਦਿੱਤੀ ਗਈ। ਨਾਕਾਬੰਦੀ ਦੀ ਸੂਚਨਾ ਮਿਲਦਿਆਂ ਹੀ ਕਈ ਚਾਲਕਾਂ ਨੇ ਆਪਣੇ ਰਸਤੇ ਬਦਲ ਲਏ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਈ-ਰਿਕਸ਼ੇ ਚੱਲ ਰਹੇ ਹਨ, ਜਿਨ੍ਹਾਂ ਦੀ ਵਿਭਾਗ ਕੋਲ ਰਜਿਸਟ੍ਰੇਸ਼ਨ ਨਹੀਂ ਹੈ ਜਾਂ ਉਹ ਅਧੂਰੇ ਦਸਤਾਵੇਜ਼ਾਂ ਨਾਲ ਸੜਕਾਂ ਤੇ ਚਲਾਏ ਜਾ ਰਹੇ ਹਨ। ਅਜਿਹੇ ਵਾਹਨ ਨਾ ਸਿਰਫ਼ ਮੋਟਰ ਵਾਹਨ ਐਕਟ ਦੀ ਉਲੰਘਣਾ ਕਰ ਰਹੇ ਹਨ, ਸਗੋਂ ਸ਼ਹਿਰ ਵਿੱਚ ਵਧ ਰਹੇ ਟ੍ਰੈਫਿਕ ਜਾਮ ਅਤੇ ਸੜਕ ਸੁਰੱਖਿਆ ਲਈ ਵੀ ਗੰਭੀਰ ਚੁਣੌਤੀ ਬਣੇ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਈ ਈ-ਰਿਕਸ਼ਾ ਚਾਲਕ ਬਿਨਾਂ ਵੈਧ ਦਸਤਾਵੇਜ਼ਾਂ ਦੇ ਯਾਤਰੀਆਂ ਨੂੰ ਢੋ ਰਹੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਸੜਕ ਹਾਦਸਾ ਵਾਪਰਦਾ ਹੈ ਤਾਂ ਯਾਤਰੀਆਂ ਦੀ ਸੁਰੱਖਿਆ ਅਤੇ ਕਾਨੂੰਨੀ ਜ਼ਿੰਮੇਵਾਰੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਆਰਟੀਓ ਕਪਿਲ ਜਿੰਦਲ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਈ-ਰਿਕਸ਼ੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰ ਈ-ਰਿਕਸ਼ਾ ਚਾਲਕ ਲਈ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਕਰਵਾਉਣਾ, ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣਾ ਅਤੇ ਕਾਨੂੰਨੀ ਰਸਮਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਜਿਹੜੇ ਚਾਲਕ ਨਿਯਮਾਂ ਦੀ ਅਣਦੇਖੀ ਕਰਨਗੇ, ਉਨ੍ਹਾਂ ਖ਼ਿਲਾਫ਼ ਚਲਾਨ ਕੱਟਣ, ਵਾਹਨ ਜ਼ਬਤ ਕਰਨ ਅਤੇ ਕਾਨੂੰਨ ਅਨੁਸਾਰ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟਰਾਂਸਪੋਰਟ ਵਿਭਾਗ ਨੇ ਸਾਰੇ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣ, ਨਿਯਮਾਂ ਦੀ ਪਾਲਣਾ ਕਰਨ ਅਤੇ ਵਾਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਸੜਕਾਂ ਤੇ ਚਲਾਉਣ, ਤਾਂ ਜੋ ਉਨ੍ਹਾਂ ਨੂੰ ਬੇਲੋੜੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਵਾਹਨਾਂ ਖ਼ਿਲਾਫ਼ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਖ਼ਤ ਕਾਰਵਾਈ ਜਾਰੀ ਰਹੇਗੀ।