ਓਵਰਬ੍ਰਿਜ ਨਿਰਮਾਣ ਕਾਰਨ ਵਧੀ ਜਾਮ ਦੀ ਸਮੱਸਿਆ, ਸਮੱਸਿਆ ਦੇ ਹੱਲ ਲਈ ਭਾਰੀ ਵਾਹਨਾਂ ਦੀ ਐਂਟਰੀ ਬੰਦ ਓਵਰਬ੍ਰਿਜ ਨਿਰਮਾਣ ਕਾਰਨ ਵਧੀ ਜਾਮ ਦੀ ਸਮੱਸਿਆ, ਸਮੱਸਿਆ ਦੇ ਹੱਲ ਲਈ ਭਾਰੀ ਵਾਹਨਾਂ ਦੀ ਐਂਟਰੀ ਬੰਦ
Publish Date: Thu, 16 Jul 2026 04:51 PM (IST)
Updated Date: Fri, 17 Jul 2026 04:01 AM (IST)
ਮਾਨਸਾ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਆਈਟੀਆਈ ਚੌਕ ਤੋਂ ਕੀਤਾ ਜਾ ਰਿਹਾ ਡਾਇਵਰਟ, ਲੋੜ ਪੈਣ ਤੇ ਭਾਈ ਘਨੱਈਆ ਚੌਕ ਤੋਂ ਅੰਮ੍ਰਿਤਸਰ ਰੋਡ ਰਾਹੀਂ ਹਰਰਾਏਪੁਰ ਮਾਰਗ ਤੇ ਵੀ ਭੇਜੇ ਜਾਣਗੇ ਭਾਰੀ ਵਾਹਨ, ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਬਣ ਰਹੇ ਓਵਰਬ੍ਰਿਜ਼ ਕਾਰਨ ਬੀਬੀ ਵਾਲਾ ਚੌਕ ਚ ਲੱਗਦਾ ਜਾਮ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚੋਂ ਇੱਕ ਬੀਬੀਵਾਲਾ ਚੌਕ ਤੇ ਲਗਾਤਾਰ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਵੱਡਾ ਫੈਸਲਾ ਲਿਆ ਹੈ। ਚੌਕ ਤੇ ਚੱਲ ਰਹੇ ਓਵਰਬ੍ਰਿਜ ਨਿਰਮਾਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ, ਜਿਸ ਦੇ ਮੱਦੇਨਜ਼ਰ ਹੁਣ ਮਾਨਸਾ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਰਿੰਗ ਰੋਡ ਫੇਜ਼-1 ਵਿੱਚ ਐਂਟਰੀ ਬੰਦ ਕਰ ਦਿੱਤੀ ਗਈ ਹੈ। ਹੁਣ ਮਾਨਸ਼ਾ ਤੋਂ ਆਉਣ ਵਾਲੇ ਭਾਰੀ ਵਾਹਨ ਡੱਬਵਾਲੀ ਰੋਡ, ਬਾਦਲ ਰੋਡ ਅਤੇ ਰਿੰਗ ਰੋਡ ਫੇਜ਼-2 ਰਾਹੀਂ ਮਲੋਟ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਹਾਈਵੇ ਤੇ ਪਹੁੰਚਣਗੇ। ਟ੍ਰੈਫਿਕ ਪੁਲਿਸ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਬੀਬੀਵਾਲਾ ਚੌਕ ਤੇ ਲੱਗਣ ਵਾਲੇ ਲੰਬੇ ਜਾਮ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ ਅਤੇ ਆਮ ਵਾਹਨ ਚਾਲਕਾਂ ਨੂੰ ਵੀ ਆਸਾਨੀ ਨਾਲ ਆਵਾਜਾਈ ਦੀ ਸਹੂਲਤ ਮਿਲ ਸਕੇਗੀ। ਦਰਅਸਲ ਬਠਿੰਡਾ ਦੇ ਬੀਬੀਵਾਲਾ ਚੌਕ ਤੇ ਰਿੰਗ ਰੋਡ ਨੂੰ ਚੰਡੀਗੜ੍ਹ ਹਾਈਵੇ ਨਾਲ ਜੋੜਨ ਲਈ ਨਵੇਂ ਓਵਰਬ੍ਰਿਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਮੌਜੂਦਾ ਓਵਰਬ੍ਰਿਜ ਵਿੱਚ ਬਦਲਾਅ ਕਰਦੇ ਹੋਏ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜੋ ਅੱਗੇ ਜਾ ਕੇ ਚੰਡੀਗੜ੍ਹ ਹਾਈਵੇ ਤੇ ਥਾਣਾ ਕੈਂਟ ਦੇ ਨੇੜੇ ਉਤਰੇਗਾ। ਇਸ ਦੇ ਨਾਲ ਹੀ ਰਿੰਗ ਰੋਡ ਵੱਲੋਂ ਆਉਣ ਵਾਲੇ ਵਾਹਨਾਂ ਲਈ ਓਵਰਬ੍ਰਿਜ ਦੇ ਹੇਠਾਂ ਸਬ-ਵੇ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਭਵਿੱਖ ਵਿੱਚ ਟ੍ਰੈਫਿਕ ਪ੍ਰਬੰਧ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਇਸ ਪ੍ਰੋਜੈਕਟ ਦਾ ਨਿਰਮਾਣ ਕੰਮ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਚੱਲ ਰਿਹਾ ਹੈ। ਨਿਰਮਾਣ ਕਾਰਨ ਥਾਣਾ ਕੈਂਟ ਦੇ ਨਾਲ ਲੱਗਦੀ ਸਰਵਿਸ ਰੋਡ ਨੂੰ ਫਿਲਹਾਲ ਆਵਾਜਾਈ ਲਈ ਖੋਲ੍ਹਿਆ ਗਿਆ ਹੈ, ਪਰ ਸੜਕ ਤੰਗ ਹੋਣ ਅਤੇ ਨਿਰਮਾਣ ਕਾਰਜ ਜਾਰੀ ਰਹਿਣ ਕਾਰਨ ਇੱਥੇ ਅਕਸਰ ਜਾਮ ਦੀ ਸਥਿਤੀ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ ਭਾਰੀ ਵਾਹਨ ਇਸ ਰਸਤੇ ਤੋਂ ਲੰਘਦੇ ਹਨ ਤਾਂ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਲੰਬੇ ਸਮੇਂ ਤੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਕਸ ਇਹ ਬਣਾਇਆ ਗਿਆ ਨਵਾਂ ਰੂਟ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਪੁਲਿਸ ਨੇ ਮਾਨਸਾ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦਾ ਰੂਟ ਬਦਲ ਦਿੱਤਾ ਹੈ। ਹੁਣ ਇਨ੍ਹਾਂ ਵਾਹਨਾਂ ਿਦਾ ਰਿੰਗ ਰੋਡ ਫੇਜ਼-1 ਵਿੱਚ ਦਾਖ਼ਲਾ ਬੰਦ ਕਰ ਦਿੱਤਾ। ਇਸ ਲਈ ਆਈਟੀਆਈ ਚੌਕ ਤੇ ਵਿਸ਼ੇਸ਼ ਨਾਕਾ ਲਗਾਇਆ ਗਿਆ ਹੈ, ਜਿੱਥੋਂ ਟਰੱਕਾਂ ਅਤੇ ਹੋਰ ਭਾਰੀ ਵਾਹਨਾਂ ਨੂੰ ਡੱਬਵਾਲੀ ਰੋਡ ਵੱਲ ਮੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਹ ਵਾਹਨ ਡੱਬਵਾਲੀ ਰੋਡ, ਬਾਦਲ ਰੋਡ ਅਤੇ ਰਿੰਗ ਰੋਡ ਫੇਜ਼-2 ਰਾਹੀਂ ਮਲੋਟ ਰੋਡ ਤੋਂ ਹੁੰਦੇ ਹੋਏ ਚੰਡੀਗੜ੍ਹ ਹਾਈਵੇ ਤੇ ਪਹੁੰਚ ਰਹੇ ਹਨ। ਇਸੇ ਤਰ੍ਹਾਂ ਡੱਬਵਾਲੀ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਨੂੰ ਪਹਿਲਾਂ ਹੀ ਬਾਦਲ ਰੋਡ ਵੱਲ ਮੋੜਿਆ ਜਾ ਰਿਹਾ ਹੈ। ਨਵੇਂ ਰੂਟ ਪ੍ਰਬੰਧ ਨਾਲ ਬੀਬੀਵਾਲਾ ਚੌਕ ਤੇ ਭਾਰੀ ਵਾਹਨਾਂ ਦਾ ਦਬਾਅ ਘੱਟ ਹੋਇਆ ਹੈ ਅਤੇ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਾਂਕਿ ਫਿਲਹਾਲ ਬਰਨਾਲਾ ਵੱਲੋਂ ਮਾਨਸਾ ਜਾਣ ਵਾਲੇ ਭਾਰੀ ਵਾਹਨਾਂ ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਗਾਈ ਗਈ ਹੈ। ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਮੌਜੂਦਾ ਟ੍ਰੈਫਿਕ ਸਥਿਤੀ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਲੋੜ ਪੈਣ ਤੇ ਰੂਟ ਪਲਾਨ ਵਿੱਚ ਹੋਰ ਬਦਲਾਅ ਕੀਤੇ ਜਾ ਸਕਦੇ ਹਨ। ਬਾਕਸ ਭਵਿੱਖ ਲਈ ਵੀ ਤਿਆਰ ਕੀਤੀ ਗਈ ਯੋਜਨਾ ਟ੍ਰੈਫਿਕ ਪੁਲਿਸ ਨੇ ਭਵਿੱਖ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵਿਕਲਪਿਕ ਯੋਜਨਾ ਵੀ ਤਿਆਰ ਕਰ ਲਈ ਹੈ। ਜੇਕਰ ਓਵਰਬ੍ਰਿਜ ਨਿਰਮਾਣ ਦੌਰਾਨ ਵਾਹਨਾਂ ਦਾ ਦਬਾਅ ਹੋਰ ਵੱਧਦਾ ਹੈ ਅਤੇ ਜਾਮ ਦੀ ਸਥਿਤੀ ਗੰਭੀਰ ਬਣਦੀ ਹੈ ਤਾਂ ਭਾਰੀ ਵਾਹਨਾਂ ਨੂੰ ਭਾਈ ਘਨੱਈਆ ਚੌਕ ਤੋਂ ਅੰਮ੍ਰਿਤਸਰ ਰੋਡ ਰਾਹੀਂ ਪਿੰਡ ਹਰਰਾਏਪੁਰ ਦੇ ਰਸਤੇ ਡਾਇਵਰਟ ਕੀਤਾ ਜਾਵੇਗਾ। ਇਸ ਨਾਲ ਬੀਬੀਵਾਲਾ ਚੌਕ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਟ੍ਰੈਫਿਕ ਦਾ ਦਬਾਅ ਘੱਟ ਕੀਤਾ ਜਾ ਸਕੇਗਾ। ਟ੍ਰੈਫਿਕ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਫਿਲਹਾਲ ਰਿੰਗ ਰੋਡ ਫੇਜ਼-1 ਵਿੱਚ ਆਈਟੀਆਈ ਚੌਕ ਤੋਂ ਭਾਰੀ ਵਾਹਨਾਂ ਦੀ ਐਂਟਰੀ ਬੰਦ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਟ੍ਰੈਫਿਕ ਪ੍ਰਬੰਧ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਹਾਲਾਤ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਭਵਿੱਖ ਵਿੱਚ ਟ੍ਰੈਫਿਕ ਦਾ ਦਬਾਅ ਹੋਰ ਵਧਦਾ ਹੈ ਤਾਂ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਭਾਰੀ ਵਾਹਨਾਂ ਲਈ ਹੋਰ ਵਿਕਲਪਿਕ ਰਸਤੇ ਵੀ ਲਾਗੂ ਕੀਤੇ ਜਾਣਗੇ। ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਤ ਰੂਟਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਕਰਮਚਾਰੀਆਂ ਵੱਲੋਂ ਦਿੱਤੇ ਜਾ ਰਹੇ ਨਿਰਦੇਸ਼ਾਂ ਦਾ ਸਹਿਯੋਗ ਕਰਨ। ਪੁਲਿਸ ਦਾ ਕਹਿਣਾ ਹੈ ਕਿ ਨਿਰਮਾਣ ਕਾਰਜ ਦੌਰਾਨ ਸਹਿਯੋਗ ਨਾਲ ਹੀ ਸ਼ਹਿਰ ਵਿੱਚ ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਇਆ ਰੱਖਿਆ ਜਾ ਸਕਦਾ ਹੈ।