- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੁੱਚੋ ਕੈਂਚੀਆਂ ਰੋਡ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ਵਿਚੋਂ ਕਰੀਬ 4.58 ਕਰੋੜ ਰੁਪਏ ਦੀ ਕੀਮਤ ਦੇ 980 ਸੈਮਸੰਗ ਮੋਬਾਈਲ ਫ਼ੋਨ ਚੋਰੀ ਹੋਣ ਦੇ ਮਾਮਲੇ ਵਿਚ ਥਾਣਾ ਨਥਾਣਾ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਭੁੱਚੋ ਕੈਂਚੀਆਂ ਰੋਡ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ਵਿਚੋਂ ਕਰੀਬ 4.58 ਕਰੋੜ ਰੁਪਏ ਦੀ ਕੀਮਤ ਦੇ 980 ਸੈਮਸੰਗ ਮੋਬਾਈਲ ਫ਼ੋਨ ਚੋਰੀ ਹੋਣ ਦੇ ਮਾਮਲੇ ਵਿਚ ਥਾਣਾ ਨਥਾਣਾ ਪੁਲਿਸ ਨੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਕਰ ਰਹੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਫਲਿੱਪਕਾਰਟ ਕੰਪਨੀ ਵਿਚ ਇਨਫੋਰਸਮੈਂਟ ਅਫ਼ਸਰ ਵਜੋਂ ਤਾਇਨਾਤ ਹਨ। ਉਨ੍ਹਾਂ ਅਨੁਸਾਰ, ਭੁੱਚੋ ਕੈਂਚੀਆਂ ਰੋਡ ਸਥਿਤ ਕੰਪਨੀ ਦੇ ਗੋਦਾਮ ਵਿਚੋਂ ਕੁਝ ਵਿਅਕਤੀ ਕਰੀਬ 980 ਮਹਿੰਗੇ ਮੋਬਾਈਲ ਫ਼ੋਨ ਚੋਰੀ ਕਰਕੇ ਲੈ ਗਏ। ਚੋਰੀ ਹੋਏ ਮੋਬਾਈਲਾਂ ਦੀ ਕੁੱਲ ਕੀਮਤ ਕਰੀਬ 4.58 ਕਰੋੜ ਰੁਪਏ ਦੱਸੀ ਗਈ ਹੈ।
ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਾਂਵਾਲੀ ਦੇ ਲਵਪ੍ਰੀਤ ਸਿੰਘ, ਹਰਿਆਣਾ ਦੇ ਪਿੰਡ ਹਡੌਲੀ ਦੇ ਬਲਜਿੰਦਰ ਸਿੰਘ, ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਦੇ ਸੁਰਿੰਦਰ ਸਿੰਘ ਅਤੇ ਹਰਿਆਣਾ ਦੇ ਟੋਹਾਣਾ ਦੇ ਗੌਤਮ ਸਮੇਤ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲਵਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬਾਕਸ
ਗੋਦਾਮ ਵਿਚੋਂ ਡੀਵੀਆਰ ਵੀ ਲੈ ਗਏ ਜਾਣਕਾਰੀ ਅਨੁਸਾਰ, ਗੋਦਾਮ ਦੇ ਕਰਮਚਾਰੀ ਸਵੇਰੇ ਕਰੀਬ ਪੰਜ ਵਜੇ ਵਾਪਸ ਪਹੁੰਚੇ ਤਾਂ ਸ਼ਟਰ ਦਾ ਤਾਲਾ ਗਾਇਬ ਸੀ ਅਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ। ਜਾਂਚ ਕਰਨ ’ਤੇ ਵੱਡੀ ਗਿਣਤੀ ਵਿਚ ਮੋਬਾਈਲ ਫ਼ੋਨ ਗਾਇਬ ਮਿਲੇ। ਚੋਰ ਗੋਦਾਮ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਸੰਭਾਲਣ ਵਾਲੀ ਡੀਵੀਆਰ ਵੀ ਆਪਣੇ ਨਾਲ ਲੈ ਗਏ ਸਨ।
ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ ਜਾਂਚ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਮੋਬਾਈਲ ਫੋਰੈਂਸਿਕ ਲੈਬ ਦੀ ਟੀਮ ਨੇ ਵੀ ਜਾਂਚ ਕਰਕੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਚੋਰੀ ਹੋਏ ਮੋਬਾਈਲ ਬਰਾਮਦ ਕਰਨ ਅਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ।