ਬੰਦੀ ਸਿੰਘ ਰਿਹਾਈ ਮਾਰਚ’ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਹੋਇਆ ਸਮਾਪਤ ਬੰਦੀ ਸਿੰਘ ਰਿਹਾਈ ਮਾਰਚ’ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਹੋਇਆ ਸਮਾਪਤ
Publish Date: Sat, 03 Oct 2026 09:19 PM (IST)
Updated Date: Sun, 04 Oct 2026 04:08 AM (IST)
ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਬੁਲਾਉਣਾ ਚਾਹੀਦੈ ‘ਸਰਬੱਤ ਖਾਲਸਾ’ : ਕਰਨੈਲ ਸਿੰਘ ਪੰਜੋਲੀ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਕੀਤਾ ਗਿਆ ‘ਬੰਦੀ ਸਿੰਘ ਰਿਹਾਈ ਮਾਰਚ’ ਅੱਜ ਸ਼ਾਮ ਸਮੇਂ ਸਿੱਖ ਕੌਮ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਸੰਪੰਨ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ,ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਸਜਾਏ ਗਏ ‘ਬੰਦੀ ਸਿੰਘ ਰਿਹਾਈ ਮਾਰਚ’ ਦਾ ਇਲਾਕੇ ਚ ਦਾਖਿਲ ਹੁੰਦਿਆਂ ਹੀ ਇਲਾਕੇ ਦੀ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਮਾਰਚ ਚ ਸ਼ਾਮਿਲ ਹੁੰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਇੱਥੋਂ ਤੱਕ ਕਿ ਮਾਰਚ ਦੇ ਸਭ ਤੋਂ ਪਹਿਲਾਂ ਪਿੰਡ ਜਗਾ ਰਾਮ ਤੀਰਥ ਚ ਦਾਖਿਲ ਹੋਣ ਤੇ ਸੱਤਾਧਿਰ ਵੱਲੋਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਅਤੇ ਉਨਾਂ ਦੇ ਦਾਦੀ ਅਤੇ ਖਾੜਕੂ ਲਹਿਰ ਦੇ ਸ਼ਹੀਦ ਭਾਈ ਸੁਖਪਾਲ ਸਿੰਘ ਪਾਲਾ ਦੇ ਮਾਤਾ ਮਲਕੀਤ ਕੌਰ,ਵਿਧਾਇਕਾ ਦੇ ਪਿਤਾ ਤੇ ਪੰਥਕ ਆਗੂ ਜਥੇਦਾਰ ਦਰਸ਼ਨ ਸਿੰਘ ਨੇ ਮਾਰਚ ਚ ਸ਼ਾਮਿਲ ਹੁੰਦਿਆਂ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪੇ ਭੇਟ ਕੀਤੇ।ਤਲਵੰਡੀ ਸਾਬੋ ਪੁੱਜਣ ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਅਤੇ ਮਰਹੂਮ ਸਿੱਖ ਆਗੂ ਸੰਦੀਪ ਸਿੰਘ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਸਿੱਧੂ ਨੇ ਮਾਰਚ ਚ ਸ਼ਮੂਲੀਅਤ ਕੀਤੀ।ਤਖਤ ਸ੍ਰੀ ਦਮਦਮਾ ਸਾਹਿਬ ਪੁੱਜਣ ਤੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾੳ ਭੇਟ ਕੀਤੇ ਅਤੇ ਮਾਰਚ ਦੀ ਸਮਾਪਤੀ ਦੀ ਅਰਦਾਸ ਕੀਤੀ। ਸਮਾਪਤੀ ਮੌਕੇ ਗੱਲਬਾਤ ਦੌਰਾਨ ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਿੱਖ ਬੰਦੀਆਂ ਲਈ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ ਜਿਸ ਕਾਰਣ ਸਮੁੱਚੀ ਕੌਮ ਵਿੱਚ ਰੋਹ ਹੈ।ਉਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ‘ਸਰਬੱਤ ਖਾਲਸਾ’ ਬੁਲਾਉਣਾ ਚਾਹੀਦਾ ਹੈ ਤਾਂਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੋਈ ਠੋਸ ਫੈਸਲਾ ਲਿਆ ਜਾ ਸਕੇ।ਉਨਾਂ ਕਿਹਾ ਕਿ ਅਗਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੀ ਮੁਆਫ ਨਹੀ ਕੀਤੀ ਜਾਂਦੀ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਜੀ ਨੂੰ ਮਿਲਣ ਲਈ ਪੈਰੋਲ ਨਹੀ ਦਿੱਤੀ ਜਾਂਦੀ ਤਾਂ ਸੰਗਤਾਂ ਨੂੰ ਜੇਲ੍ਹ ਭਰੋ ਅੰਦੋਲਨ ਦਾ ਸੱਦਾ ਦਿੱਤਾ ਜਾਵੇਗਾ।ਇਸ ਮੌਕੇ ਪੰਜੋਲੀ ਨੇ ਮਾਰਚ ਚ ਸ਼ਾਮਿਲ ਹੋਣ ਵਾਲੀਆਂ ਸਮੁੱਚੀਆਂ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸਹਿਯੋਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਨਾਲ ਸਰਕਾਰਾਂ ਵੱਲੋਂ ਪੈਰ ਪੈਰ ਤੇ ਵਿਤਕਰਾ ਕੀਤਾ ਜਾ ਰਿਹੈ ਤੇ ਇੰਨਾਂ ਵਿਤਕਰਿਆਂ ਨੂੰ ਸਿੱਖ ਕੌੰਮ ਹੁਣ ਸਮਝ ਚੁੱਕੀ ਹੈ।ਉਨਾਂ ਕਿਹਾ ਕਿ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਸਜਾਏ ਬੰਦੀ ਸਿੰਘ ਰਿਹਾਈ ਮਾਰਚ ਚ ਥਾਂ ਥਾਂ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਵੱਲੋਂ ਕੀਤੀ ਸ਼ਮੂਲੀਅਤ ਵੀ ਇਸੇ ਗੱਲ ਦੀ ਗਵਾਹੀ ਭਰਦੀ ਹੈ।ਉਨਾਂ ਕਿਹਾ ਕਿ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਸਿੱਖ ਆਗੂ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਚ ਸਿੱਖਾਂ ਨੂੰ ਵਾਰ ਵਾਰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ।ਇੱਕ ਪਾਸੇ ਅਦਾਲਤਾਂ ਤੋਂ ਸਜ਼ਾਯਾਫਤਾ ਸਾਧ ਨੂੰ ਨਿਯਮ ਕਾਨੂੰਨ ਛਿੱਕੇ ਟੰਗ ਕੇ ਵੀ ਵਾਰ ਵਾਰ ਫਰਲੋ ਦਿੱਤੀ ਜਾਂਦੀ ਹੈ ਤੇ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕਣ ਦੇ ਬਾਵਜ਼ੂਦ ਵਰ੍ਹਿਆਂ ਤੋਂ ਜੇਲ੍ਹਾਂ ਚ ਬੰਦ ਸਿੱਖਾਂ ਨੂੰ ਪਰਿਵਾਰਾਂ ਨਾਲ ਵੀ ਮਿਲਣ ਲਈ ਪੈਰੋਲ ਨਹੀ ਦਿੱਤੀ ਜਾਂਦੀ।ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਕੌਮੀ ਯੋਧਿਆਂ ਦੇ ਰਿਹਾਈ ਲਈ ਸਮੁੱਚੀ ਸਿੱਖ ਕੌਮ ਨੂੰ ਇੱਕ ਮੰਚ ਤੇ ਆਉਣਾ ਪੈਣਾ ਹੈਤਾਂ ਹੀ ਭਵਿੱਖ ਚ ਕੋਈ ਠੋਸ ਹੱਲ ਨਿਕਲੇਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਿੰਨ੍ਹਾਂ ਨੇ ਕੌਮ ਦੀ ਆਨ ਬਾਨ ਤੇ ਸ਼ਾਨ ਲਈ ਜੇਲ੍ਹਾਂ ਦਾ ਰਾਸਤਾ ਚੁਣਿਆ ਹੁਣ ਉਨਾਂ ਨੂੰ ਜੇਲ੍ਹਾਂ ਚੋਂ ਬਾਹਰ ਲਿਆਉਣਾ ਕੌਮ ਦਾ ਫਰਜ਼ ਬਣਦਾ ਹੈ ਤੇ ਲੋੜ ਕੌਮੀ ਇਕਜੁਟਤਾ ਦੀ ਹੈ। ਇਸ ਮੌਕੇ ਨਵਜੋਤ ਕੌਰ ਲੰਬੀ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕੇ। ਮਾਰਚ ਦੀ ਸਮਾਪਤੀ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਿੱਠੂ ਸਿੰਘ ਕਾਨ੍ਹੇਕੇ,ਤਖਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ,ਭਾਈ ਰਾਜਾਰਾਜ ਸਿੰਘ ਨਿਹੰਗ ਆਗੂ,ਦਮਦਮੀ ਟਕਸਾਲ ਦੇ ਭਾਈ ਅਮਰਜੀਤ ਸਿੰਘ ਮਰਿਯਾਦਾ,ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ,ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਜਨ:ਸਕੱਤਰ ਕਾਕਾ ਸਿੰਘ ਕੋਟੜਾ ਤੇ ਰੇਸ਼ਮ ਸਿੰਘ ਯਾਤਰੀ,ਬੁੱਢਾ ਦਲ ਦੇ ਬਾਬਾ ਦਲੇਰ ਸਿੰਘ,ਬਾਬਾ ਦੀਪ ਸਿੰਘ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਬਾਬਾ ਜੱਸਾ ਸਿੰਘ ਜਗਾ ਰਾਮ ਤੀਰਥ,ਨਵਜੋਤ ਕੌਰ ਲੰਬੀ,ਜਸਵਿੰਦਰ ਸਿੰਘ,ਕੁਲਦੀਪ ਸਿੰਘ ਗੋਸਲ,ਪ੍ਰਦੀਪ ਸਿੰਘ ਸੋਨੀ ਬਾਬਾ,ਪੱਪੀ ਸਿੰਘ ਮਲਕਾਣਾ ਸਮੇਤ ਵੱਡੀ ਗਿਣਤੀ ਸਿੱਖ ਆਗੂ ਤੇ ਸੰਗਤਾਂ ਮੌਜੂਦ ਸਨ।