ਬਲਕਾਰ ਸਿੱਧੂ ਨੇ ਨੈਣਾ ਦੇਵੀ ਭੰਡਾਰੇ ਲਈ ਟਰੱਕ ਤੋਰਿਆ ਬਲਕਾਰ ਸਿੱਧੂ ਨੇ ਨੈਣਾ ਦੇਵੀ ਭੰਡਾਰੇ ਲਈ ਟਰੱਕ ਤੋਰਿਆ
Publish Date: Wed, 12 Aug 2026 04:32 PM (IST)
Updated Date: Wed, 12 Aug 2026 04:35 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਜੈ ਸ਼ਕਤੀ ਭੰਡਾਰਾ ਸੁਸਾਇਟੀ ਰਾਮਪੁਰਾ ਫੂਲ ਵੱਲੋਂ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਾਵਨ ਦਰਬਾਰ ਵਿਖੇ 40ਵਾਂ ਵਿਸ਼ਾਲ ਭੰਡਾਰਾ 13 ਤੋਂ 21 ਅਗਸਤ ਤੱਕ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਾਇਆ ਜਾ ਰਿਹਾ ਹੈ। ਇਸ ਸਬੰਧੀ ਲੰਗਰ ਦੀ ਸਮੱਗਰੀ ਨਾਲ ਭਰੇ ਟਰੱਕ ਨੂੰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਝੰਡੀ ਦੇ ਕੇ ਸ਼੍ਰੀ ਨੈਣਾ ਦੇਵੀ ਦਰਬਾਰ ਲਈ ਰਵਾਨਾ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਜੈ ਸ਼ਕਤੀ ਭੰਡਾਰਾ ਸੁਸਾਇਟੀ ਦੇ ਅਹੁਦੇਦਾਰਾਂ, ਸੇਵਾਦਾਰਾਂ ਅਤੇ ਸਮੂਹ ਹਲਕਾ ਵਾਸੀਆਂ ਨੂੰ 40ਵੇਂ ਵਿਸ਼ਾਲ ਭੰਡਾਰੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਸਹਿਯੋਗ ਦੇਣਾ, ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੇ ਪਾਵਨ ਦਰਬਾਰ ਵਿਖੇ ਲੰਗਰ ਸੇਵਾ ਕਰਨਾ ਸ਼ਰਧਾ, ਸੇਵਾ ਅਤੇ ਸਮਰਪਣ ਨਾਲ ਜੁੜਿਆ ਪਵਿੱਤਰ ਕਾਰਜ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਜਦੋਂ ਵੀ ਕਿਸੇ ਸਮਾਜਿਕ, ਧਾਰਮਿਕ ਜਾਂ ਲੋਕ ਭਲਾਈ ਦੇ ਕਾਰਜ ਲਈ ਸੱਦਾ ਦਿੱਤਾ ਜਾਂਦਾ ਹੈ, ਉਹ ਖੁਸ਼ੀ ਨਾਲ ਇਸ ਵਿਚ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਮਾਜ ਵਿਚ ਸੇਵਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਵਿਧਾਇਕ ਨੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਲੰਗਰ ਸੇਵਾ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਸੰਗਤ ਨੂੰ ਭੰਡਾਰੇ ਵਿਚ ਸ਼ਾਮਲ ਹੋ ਕੇ ਸੇਵਾ ਦਾ ਲਾਭ ਲੈਣ ਦੀ ਅਪੀਲ ਕੀਤੀ।